١ الْحَمْدُ لِلَّهِ فَاطِرِ السَّمَاوَاتِ وَالْأَرْضِ جَاعِلِ الْمَلَائِكَةِ رُسُلًا أُولِي أَجْنِحَةٍ مَثْنَىٰ وَثُلَاثَ وَرُبَاعَ ۚ يَزِيدُ فِي الْخَلْقِ مَا يَشَاءُ ۚ إِنَّ اللَّهَ عَلَىٰ كُلِّ شَيْءٍ قَدِيرٌ
1 ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੈ ਅਤੇ ਦੋ-ਦੋ ਤਿੰਨ ਤਿੰਨ ਚਾਰ ਚਾਰ ਪਰਾਂ ਵਾਲੇ ਫ਼ਰਿਸ਼ਤਿਆਂ ਰਾਹੀਂ ਆਪਣੇ ਸੁਨੇਹੇ ਪਹੁੰਚਾਉਣ ਵਾਲਾ ਹੈ। ਉਹ ਆਪਣੀ ਰਚਨਾ ਵਿਚ ਜਿਵੇਂ ਚਾਹਵੇ ਵਾਧਾ ਕਰਦਾ ਹੈ। ਅੱਲਾਹ ਹਰ ਚੀਜ਼ ਦੀ ਸਮਰਥਾ ਰੱਖਦਾ ਹੈ।
٢ مَا يَفْتَحِ اللَّهُ لِلنَّاسِ مِنْ رَحْمَةٍ فَلَا مُمْسِكَ لَهَا ۖ وَمَا يُمْسِكْ فَلَا مُرْسِلَ لَهُ مِنْ بَعْدِهِ ۚ وَهُوَ الْعَزِيزُ الْحَكِيمُ
2 ਅੱਲਾਹ ਲੋਕਾਂ ਲਈ ਆਪਣੀਆਂ ਰਹਿਮਤਾਂ ਦੇ ਜਿਹੜੇ ਬੂਹੇ ਖੋਲ ਦਿੰਦਾ ਹੈ ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਜਿਸ ਨੂੰ ਉਹ ਬੰਦ ਕਰ ਦਿੰਦਾ ਹੈ ਉਸ ਨੂੰ ਕੋਈ ਖੋਲ ਨਹੀਂ ਸਕਦਾ ਅਤੇ ਉਹੀਓ ਸ਼ਕਤੀਸ਼ਾਲੀ ਤੇ ਹਿਕਮਤ ਵਾਲਾ (ਸੂਝ-ਬੂਝ ਦਾਨਾਈ ਵਾਲਾ) ਹੈ।
٣ يَا أَيُّهَا النَّاسُ اذْكُرُوا نِعْمَتَ اللَّهِ عَلَيْكُمْ ۚ هَلْ مِنْ خَالِقٍ غَيْرُ اللَّهِ يَرْزُقُكُمْ مِنَ السَّمَاءِ وَالْأَرْضِ ۚ لَا إِلَٰهَ إِلَّا هُوَ ۖ فَأَنَّىٰ تُؤْفَكُونَ
3 ਹੇ ਲੋਕੋ! ਅੱਲਾਹ ਵੱਲੋਂ ਜੋ ਤੁਹਾਡੇ ਉੱਤੇ ਉਪਕਾਰ ਕੀਤੇ ਗਏ ਹਨ ਉਹਨਾਂ ਨੂੰ ਯਾਦ ਰੱਖੋ। ਕੀ ਅੱਲਾਹ ਤੋਂ ਛੁੱਟ ਕੋਈ ਹੋਰ ਰਚਨਾਹਾਰ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਤੋਂ ਰਿਜ਼ਕ ਦਿੰਦਾ ਹੋਵੇ ? ਛੁੱਟ ਉਸ (ਅੱਲਾਹ) ਤੋਂ ਕੋਈ ਵੀ ਹੋਰ (ਸੱਚਾ) ਇਸ਼ਟ ਨਹੀਂ, ਤੁਸੀਂ ਕਿਧਰੋਂ ਧੋਖਾ ਖਾ ਰਹੇ ਹੋ ?
٤ وَإِنْ يُكَذِّبُوكَ فَقَدْ كُذِّبَتْ رُسُلٌ مِنْ قَبْلِكَ ۚ وَإِلَى اللَّهِ تُرْجَعُ الْأُمُورُ
4 (ਹੇ ਨਬੀ!) ਜੇ ਇਹ (ਕਾਫ਼ਿਰ) ਤੁਹਾਨੂੰ ਝੁਠਲਾ ਰਹੇ ਹਨ (ਤਾਂ ਕੋਈ ਨਵੀਂ ਗੱਲ ਨਹੀਂ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਪੈਗ਼ੰਬਰ ਝੁਠਲਾਏ ਜਾ ਚੁੱਕੇ ਹਨ, ਅੰਤ ਉਹ ਸਾਰੇ ਮਾਮਲੇ (ਨਿਪਟਾਰੇ ਲਈ) ਅੱਲਾਹ ਕੋਲ ਹੀ ਜਾਣਗੇ।
٥ يَا أَيُّهَا النَّاسُ إِنَّ وَعْدَ اللَّهِ حَقٌّ ۖ فَلَا تَغُرَّنَّكُمُ الْحَيَاةُ الدُّنْيَا ۖ وَلَا يَغُرَّنَّكُمْ بِاللَّهِ الْغَرُورُ
5 ਹੇ ਲੋਕੋ! ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ, ਸੋ ਇਹ ਸੰਸਾਰਿਕ ਜੀਵਨ ਤੁਹਾਨੂੰ ਧੋਖੇ ਵਿਚ ਨਾ ਪਾਈਂ ਰੱਖੇ ਅਤੇ ਨਾ ਹੀ ਉਹ ਵੱਡਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ (ਅੱਲਾਹ ਬਾਰੇ ਕਿਸੇ) ਧੋਖੇ ਵਿਚ ਪਾ ਦੇਵੇ।
٦ إِنَّ الشَّيْطَانَ لَكُمْ عَدُوٌّ فَاتَّخِذُوهُ عَدُوًّا ۚ إِنَّمَا يَدْعُو حِزْبَهُ لِيَكُونُوا مِنْ أَصْحَابِ السَّعِيرِ
6 ਬੇਸ਼ੱਕ ਸ਼ੈਤਾਨ ਤੁਹਾਡਾ ਵੈਰੀ ਹੈ, ਸੋ ਤੁਸੀਂ ਵੀ ਉਸ ਨੂੰ ਆਪਣਾ ਵੈਰੀ ਸਮਝੋ। ਉਹ (ਸ਼ੈਤਾਨ) ਤਾਂ ਅਪਣੇ ਪੈਰੋਕਾਰਾਂ ਨੂੰ ਆਪਣੇ ਰਸਤੇ ਵੱਲ ਇਸ ਲਈ ਬੁਲਾਉਂਦਾ ਹੈ ਤਾਂ ਜੋ ਉਹ ਨਰਕ ਵਾਲੇ ਬਣ ਜਾਣ।
٧ الَّذِينَ كَفَرُوا لَهُمْ عَذَابٌ شَدِيدٌ ۖ وَالَّذِينَ آمَنُوا وَعَمِلُوا الصَّالِحَاتِ لَهُمْ مَغْفِرَةٌ وَأَجْرٌ كَبِيرٌ
7 ਜਿਹੜੇ ਲੋਕ ਕਾਫ਼ਿਰ (ਇਕ ਰੱਬ ਦੇ ਇਨਕਾਰੀ) ਹੋ ਗਏ ਉਹਨਾਂ ਲਈ ਕਰੜੀ ਸਜ਼ਾ ਹੈ ਅਤੇ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਉਹਨਾਂ ਲਈ ਬਖ਼ਸ਼ਿਸ਼ ਤੇ ਬਹੁਤ ਵੱਡਾ ਬਦਲਾ ਹੈ।
٨ أَفَمَنْ زُيِّنَ لَهُ سُوءُ عَمَلِهِ فَرَآهُ حَسَنًا ۖ فَإِنَّ اللَّهَ يُضِلُّ مَنْ يَشَاءُ وَيَهْدِي مَنْ يَشَاءُ ۖ فَلَا تَذْهَبْ نَفْسُكَ عَلَيْهِمْ حَسَرَاتٍ ۚ إِنَّ اللَّهَ عَلِيمٌ بِمَا يَصْنَعُونَ
8 ਕੀ ਉਹ ਵਿਅਕਤੀ (ਹਿਦਾਇਤ ਵਾਲਾ ਹੋ ਸਕਦਾ ਹੈ) ਜਿਸ ਲਈ ਉਸ ਦੇ ਭੈੜੇ ਕਰਮਾਂ ਨੂੰ ਸੋਹਣਾ ਬਣਾ ਦਿੱਤਾ ਗਿਆ ਹੋਵੇ ਅਤੇ ਉਹ ਉਹਨਾਂ ਨੂੰ ਚੰਗਾ ਸਮਝਦਾ ਹੋਵੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ ਗੁਮਰਾਹ ਕਰ ਦਿੰਦਾ ਹੈ ਤੇ ਜਿਸ ਨੂੰ ਚਾਹੁੰਦਾ ਹੈ ਸਿੱਧੇ ਰਾਹ ਪਾਉਂਦਾ ਹੈ। ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਵਿਚ ਕਿਤੇ ਆਪਣੀ ਜਿੰਦ ਨੂੰ ਹੀ ਨਾ ਗੁਆਚ ਬੇਠੋ। ਉਹ ਜੋ ਵੀ ਕਰ ਰਹੇ ਹਨ ਅੱਲਾਹ ਭਲੀ-ਭਾਂਤ ਜਾਣੂ ਹੈ।
٩ وَاللَّهُ الَّذِي أَرْسَلَ الرِّيَاحَ فَتُثِيرُ سَحَابًا فَسُقْنَاهُ إِلَىٰ بَلَدٍ مَيِّتٍ فَأَحْيَيْنَا بِهِ الْأَرْضَ بَعْدَ مَوْتِهَا ۚ كَذَٰلِكَ النُّشُورُ
9 ਅਤੇ ਅੱਲਾਹ ਹੀ ਉਹਨਾਂ ਹਵਾਵਾਂ ਨੂੰ ਭੇਜਦਾ ਹੈ ਜਿਹੜੀਆਂ ਬੱਦਲਾਂ ਨੂੰ ਚੁੱਕਦੀਆਂ ਹਨ, ਫੇਰ ਅਸੀਂ ਉਹਨਾਂ ਬੱਦਲਾਂ ਨੂੰ ਮੁਰਦਾ (ਬੰਜਰ) ਧਰਤੀ ਵੱਲ ਭੇਜਦੇ ਹਾਂ ਅਤੇ ਇਹਨਾਂ (ਬੱਦਲਾਂ) ਰਾਹੀਂ ਉਸੇ ਧਰਤੀ ਨੂੰ ਉਸ ਦੀ ਮੌਤ (ਉਜਾੜ) ਤੋਂ ਮਗਰੋਂ ਜਿਊਂਦਾ (ਉਪਜਾਊ) ਕਰ ਦਿੰਦੇ ਹਾਂ। ਇਸੇ ਪ੍ਰਕਾਰ (ਤੁਸੀਂ ਸਭ ਨੇ ਵੀ ਕਿਆਮਤ ਦਿਹਾੜੇ) ਮੁੜ ਜਿਊਂਦਾ ਹੋਣਾ ਹੈ।
١٠ مَنْ كَانَ يُرِيدُ الْعِزَّةَ فَلِلَّهِ الْعِزَّةُ جَمِيعًا ۚ إِلَيْهِ يَصْعَدُ الْكَلِمُ الطَّيِّبُ وَالْعَمَلُ الصَّالِحُ يَرْفَعُهُ ۚ وَالَّذِينَ يَمْكُرُونَ السَّيِّئَاتِ لَهُمْ عَذَابٌ شَدِيدٌ ۖ وَمَكْرُ أُولَٰئِكَ هُوَ يَبُورُ
10 ਜੋ ਵਿਅਕਤੀ ਮਾਨ-ਸਨਮਾਨ ਚਾਹੁੰਦਾ ਹੈ (ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ) ਆਦਰ ਸਤਿਕਾਰ ਤਾਂ ਸਾਰਾ ਦਾ ਸਾਰਾ ਅੱਲਾਹ ਲਈ ਹੀ ਹੈ, ਸਾਰੇ ਪਵਿੱਤਰ ਸ਼ਬਦ ਉਸੇ ਵੱਲ ਚੜ੍ਹਦੇ ਹਨ ਅਤੇ ਨੇਕ ਕਰਮ ਉਹਨਾਂ (ਸ਼ਬਦਾਂ) ਉਤਾਂਹ ਚੁੱਕ ਲੈ ਜਾਂਦੇ ਹਨ। ਜਿਹੜੇ ਲੋਕ ਭੈੜੀਆਂ ਚਾਲਾਂ ਚਲਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਅਤੇ ਉਹਨਾਂ ਦੀਆਂ ਸਾਰੀਆਂ ਚਾਲਾਂ ਆਪੇ ਨਸ਼ਟ ਹੋ ਜਾਣਗੀਆਂ।
١١ وَاللَّهُ خَلَقَكُمْ مِنْ تُرَابٍ ثُمَّ مِنْ نُطْفَةٍ ثُمَّ جَعَلَكُمْ أَزْوَاجًا ۚ وَمَا تَحْمِلُ مِنْ أُنْثَىٰ وَلَا تَضَعُ إِلَّا بِعِلْمِهِ ۚ وَمَا يُعَمَّرُ مِنْ مُعَمَّرٍ وَلَا يُنْقَصُ مِنْ عُمُرِهِ إِلَّا فِي كِتَابٍ ۚ إِنَّ ذَٰلِكَ عَلَى اللَّهِ يَسِيرٌ
11 (ਲੋਕੋ) ਅੱਲਾਹ ਨੇ ਹੀ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫੇਰ ਵੀਰਜ ਤੋਂ (ਪੈਦਾ ਕੀਤਾ) ਫੇਰ ਤੁਹਾਡੇ ਜੋੜੇ (ਪਤੀ ਪਤਨੀ) ਬਣਾਏ ਅਤੇ ਜਿਹੜੀ ਵੀ ਇਸਤਰੀ ਗਰਭਵਤੀ ਹੁੰਦੀ ਹੈ ਤੇ ਬੱਚਾ ਜਣਦੀ ਹੈ, ਅੱਲਾਹ ਨੂੰ ਉਸ ਦਾ ਗਿਆਨ ਹੁੰਦਾ ਹੈ ਅਤੇ ਜੇ ਕਿਸੇ ਦੀ ਆਯੂ ਵਿਚ ਵਾਧਾ ਕੀਤਾ ਜਾਂਦਾ ਹੈ ਜਾਂ ਕਿਸੇ ਦੀ ਆਯੂ ਘਟਾਈ ਜਾਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖੀਆਂ ਹੋਈਆਂ ਹਨ। ਬੇਸ਼ੱਕ ਅੱਲਾਹ ਲਈ ਇਹ ਸਭ ਕਰਨਾ ਬਹੁਤ ਹੀ ਸੌਖਾ ਹੈ।
١٢ وَمَا يَسْتَوِي الْبَحْرَانِ هَٰذَا عَذْبٌ فُرَاتٌ سَائِغٌ شَرَابُهُ وَهَٰذَا مِلْحٌ أُجَاجٌ ۖ وَمِنْ كُلٍّ تَأْكُلُونَ لَحْمًا طَرِيًّا وَتَسْتَخْرِجُونَ حِلْيَةً تَلْبَسُونَهَا ۖ وَتَرَى الْفُلْكَ فِيهِ مَوَاخِرَ لِتَبْتَغُوا مِنْ فَضْلِهِ وَلَعَلَّكُمْ تَشْكُرُونَ
12 ਅਤੇ ਦੋ ਦਰਿਆਵਾਂ ਵਿਚ ਇਕ ਦਾ ਪਾਣੀ ਮਿੱਠਾ ਹੈ, ਪੀਣ ਵਿਚ ਸੁਆਦੀ ਹੈ ਅਤੇ ਦੂਜਾ ਖਾਰਾ ਹੈ ਅਤੇ ਕੌੜਾ ਹੈ। (ਹੇ ਲੋਕੋ!) ਤੁਸੀਂ ਉਹਨਾਂ ਦੋਹਾਂ ਦਰਿਆਵਾਂ ਵਿੱਚੋਂ ਤਾਜ਼ਾ ਮਾਸ (ਮੱਛੀਆਂ ਆਦਿ) ਖਾਂਦੇ ਹੋ ਅਤੇ ਗਹਣੀਆਂ ਦੀ ਸਮੱਗਰੀ (ਮੌਤੀ ਹੀਰੇ) ਕੱਢਦੇ ਹੋ, ਜਿਨ੍ਹਾਂ ਨੂੰ ਤੁਸੀਂ ਪਹਿਣਦੇ ਹੋ। ਤੁਸੀਂ (ਦਰਿਆਵਾਂ ਵਿਚ) ਪਾਣੀ ਨੂੰ ਚੀਰਦੀਆਂ ਹੋਈਆਂ ਵੱਡੀਆਂ-ਵੱਡੀਆਂ ਬੇੜੀਆਂ ਤੁਰਦੀਆਂ ਵੇਖਦੇ ਹੋ ਤਾਂ ਜੋ ਤੁਸੀਂ ਅੱਲਾਹ ਦੀ ਕ੍ਰਿਪਾਲਤਾ (ਰੋਜ਼ੀ) ਉਹਨਾਂ (ਦਰਿਆਵਾਂ) ਵਿੱਚੋਂ ਲੱਭੋ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਵੋ।
١٣ يُولِجُ اللَّيْلَ فِي النَّهَارِ وَيُولِجُ النَّهَارَ فِي اللَّيْلِ وَسَخَّرَ الشَّمْسَ وَالْقَمَرَ كُلٌّ يَجْرِي لِأَجَلٍ مُسَمًّى ۚ ذَٰلِكُمُ اللَّهُ رَبُّكُمْ لَهُ الْمُلْكُ ۚ وَالَّذِينَ تَدْعُونَ مِنْ دُونِهِ مَا يَمْلِكُونَ مِنْ قِطْمِيرٍ
13 ਉਹ (ਅੱਲਾਹ) ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ਅਤੇ ਸੂਰਜ ਤੇ ਚੰਨ ਨੂੰ ਉਸੇ ਨੇ ਕੰਮ ਲਾ ਰੱਖਿਆ ਹੈ। ਹਰੇਕ ਆਪਣੇ ਨਿਯਤ ਸਮੇਂ ਤੀਕ ਲਈ ਚੱਲ ਰਿਹਾ ਹੈ। ਉਹੀਓ ਅੱਲਾਹ ਤੁਹਾਡਾ ਸਭ ਦਾ ਪਾਲਣਹਾਰ ਹੈ, ਪਾਤਸ਼ਾਹੀ ਉਸੇ ਦੀ ਹੈ। ਜਿਨ੍ਹਾਂ ਨੂੰ ਤੁਸੀਂ ਉਸ ਅੱਲਾਹ ਨੂੰ ਛੱਡ ਕੇ ਬੇਨਤੀਆਂ ਕਰਦੇ ਹੋ ਉਹ ਤਾਂ ਖਜੂਰ ਦੇ ਛਿਲਕੇ ਜਿੱਨਾ ਵੀ ਅਧਿਕਾਰ ਨਹੀਂ ਰਖਦੇ।
١٤ إِنْ تَدْعُوهُمْ لَا يَسْمَعُوا دُعَاءَكُمْ وَلَوْ سَمِعُوا مَا اسْتَجَابُوا لَكُمْ ۖ وَيَوْمَ الْقِيَامَةِ يَكْفُرُونَ بِشِرْكِكُمْ ۚ وَلَا يُنَبِّئُكَ مِثْلُ خَبِيرٍ
14 ਜੇ ਤੁਸੀਂ ਉਹਨਾਂ (ਝੂਠੇ ਇਸ਼ਟਾਂ)ਨੂੰ ਸੱਦੋ ਤਾਂ ਉਹ ਤੁਹਾਡੀਆਂ ਬੇਨਤੀਆਂ ਨਹੀਂ ਸੁਣਦੇ, ਜੇ ਭਲਾ ਸੁਣ ਵੀ ਲੈਣ ਤਾਂ ਉਹ (ਤੁਹਾਡੀ ਬੇਨਤੀਆਂ ਦਾ) ਜਵਾਬ ਨਹੀਂ ਦੇ ਸਕਦੇ, ਸਗੋਂ ਕਿਆਮਤ ਵੇਲੇ ਉਹ ਤੁਹਾਡੇ ਇਸ ਸ਼ਿਰਕ ਦਾ ਇਨਕਾਰ ਕਰ ਦੇਣਗੇ। ਅੱਲਾਹ ਵਰਗੇ ਜਾਣਕਾਰ ਤੋਂ ਛੁੱਟ ਤੁਹਾਨੂੰ ਕੋਈ ਵੀ (ਉਹਨਾਂ ਮੁਸ਼ਰਿਕਾਂ ਦੇ ਹਾਲ ਦੀ ਸੂਚਨਾ) ਨਹੀਂ ਦੇਵੇਗਾ।
١٥ يَا أَيُّهَا النَّاسُ أَنْتُمُ الْفُقَرَاءُ إِلَى اللَّهِ ۖ وَاللَّهُ هُوَ الْغَنِيُّ الْحَمِيدُ
15 ਹੇ ਲੋਕੋ! ਤੁਸੀਂ ਹੀ ਅੱਲਾਹ ਦੇ ਮੁਥਾਜ ਹੋ ਜਦ ਕਿ ਅੱਲਾਹ ਤਾਂ ਹਰ ਚੀਜ਼ ਤੋਂ ਬੇਪਰਵਾਹ ਹੈ ਤੇ ਸਭ ਸਿਫ਼ਤਾਂ ਉਸੇ ਲਈ ਹਨ।
١٦ إِنْ يَشَأْ يُذْهِبْكُمْ وَيَأْتِ بِخَلْقٍ جَدِيدٍ
16 ਜੇ ਉਹ ਚਾਹੇ ਤਾਂ ਤੁਹਾਨੂੰ ਖ਼ਤਮ ਕਰਕੇ (ਤੁਹਾਡੀ ਥਾਂ) ਇਕ ਨਵੀ ਮਖ਼ਲੂਕ ਪੈਦਾ ਕਰ ਦੇਵੇ।
١٧ وَمَا ذَٰلِكَ عَلَى اللَّهِ بِعَزِيزٍ
17 ਅਤੇ ਇੰਜ ਕਰਨਾ ਅੱਲਾਹ ਲਈ ਕੋਈ ਔਖਾ ਕੰਮ ਨਹੀਂ।
١٨ وَلَا تَزِرُ وَازِرَةٌ وِزْرَ أُخْرَىٰ ۚ وَإِنْ تَدْعُ مُثْقَلَةٌ إِلَىٰ حِمْلِهَا لَا يُحْمَلْ مِنْهُ شَيْءٌ وَلَوْ كَانَ ذَا قُرْبَىٰ ۗ إِنَّمَا تُنْذِرُ الَّذِينَ يَخْشَوْنَ رَبَّهُمْ بِالْغَيْبِ وَأَقَامُوا الصَّلَاةَ ۚ وَمَنْ تَزَكَّىٰ فَإِنَّمَا يَتَزَكَّىٰ لِنَفْسِهِ ۚ وَإِلَى اللَّهِ الْمَصِيرُ
18 ਯਾਦ ਰਖੋ ਕਿ (ਕਿਆਮਤ ਦਿਹਾੜੇ) ਕੋਈ ਵੀ ਵਿਅਕਤੀ ਕਿਸੇ ਦੂਜੇ ਦੇ (ਗੁਨਾਹਾਂ ਦਾ) ਭਾਰ ਨਹੀਂ ਚੁੱਕੇਗਾ ਅਤੇ ਜੇ ਕੋਈ (ਆਪਣੇ ਗੁਨਾਹਾਂ ਦੇ) ਭਾਰ ਤੋਂ ਲੱਦਿਆ ਹੋਇਆ ਵਿਅਕਤੀ ਆਪਣਾ ਭਾਰ ਵੰਡਾਉਣ ਲਈ ਕਿਸੇ ਨੂੰ ਸੱਦੇਗਾ ਤਾਂ ਉਸ ਦੇ ਭਾਰ ਵਿੱਚੋਂ ਕੁੱਝ ਵੀ ਚੁੱਕ ਨਹੀਂ ਸਕੇਗਾ, ਭਾਵੇਂ ਉਹ ਕੋਈ ਸਕਾ-ਸੰਬੰਧੀ ਹੀ ਕਿਉਂ ਨਾ ਹੋਵੇ। (ਹੇ ਨਬੀ!) ਤੁਸੀਂ ਕੇਵਲ ਉਹਨਾਂ ਨੂੰ ਹੀ ਸਾਵਧਾਨ ਕਰ ਸਕਦੇ ਹੋ ਜਿਹੜੇ ਲੋਕੀ ਆਪਣੇ ਰੱਬ ਤੋਂ ਬਿਨਾਂ ਵੇਖੇ ਹੀ ਡਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ। ਜਿਹੜਾ ਵੀ ਕੋਈ (ਗੁਨਾਹਾਂ ਤੋਂ) ਪਾਕ ਭਾਵ ਬਚ ਕੇ ਰਹਿੰਦਾ ਹੈ ਉਹ ਆਪਣੇ ਲਈ ਹੀ ਪਵਿੱਤਰਤਾ ਧਾਰਨ ਕਰਦਾ ਹੈ, ਕਿਉਂ ਜੋ ਪਰਤਣਾ ਤਾਂ ਸਾਰਿਆਂ ਨੇ ਅੱਲਾਹ ਵੱਲ ਹੀ ਹੈ।
١٩ وَمَا يَسْتَوِي الْأَعْمَىٰ وَالْبَصِيرُ
19 ਅੰਨ੍ਹਾ ਤੇ ਸੁਜਾਖਾ ਇੱਕੋ ਜਿਹੇ ਨਹੀਂ ਹੁੰਦੇ।
٢٠ وَلَا الظُّلُمَاتُ وَلَا النُّورُ
20 ਨਾ ਹੀ ਹਨੇਰੇ ਤੇ ਚਾਨਣ ਇਕ ਸਮਾਨ ਹਨ।
٢١ وَلَا الظِّلُّ وَلَا الْحَرُورُ
21 ਤੇ ਨਾ ਹੀ ਧੁੱਪ ਤੇ ਛਾਂ ਇਕ ਬਰਾਬਰ ਹੈ।
٢٢ وَمَا يَسْتَوِي الْأَحْيَاءُ وَلَا الْأَمْوَاتُ ۚ إِنَّ اللَّهَ يُسْمِعُ مَنْ يَشَاءُ ۖ وَمَا أَنْتَ بِمُسْمِعٍ مَنْ فِي الْقُبُورِ
22 ਨਾ ਹੀ ਜਿਊਂਦੇ ਤੇ ਮੁਰਦੇ ਇਕ ਸਮਾਨ ਹੋ ਸਕਦੇ ਹਨ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ (ਉਸੇ ਨੂੰ ਚੰਗੀਆਂ ਗੱਲਾਂ) ਸੁਣਵਾਉਂਦਾ ਹੈ ਅਤੇ (ਹੇ ਨਬੀ!) ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਸੁਣਾ ਸਕਦੇ ਜਿਹੜੇ ਕਬਰਾਂ ਵਿਚ ਹਨ।
٢٣ إِنْ أَنْتَ إِلَّا نَذِيرٌ
23 (ਹੇ ਮੁਹੰਮਦ ਸ:!) ਤੁਸੀਂ ਤਾਂ ਕੇਵਲ (ਨਰਕ ਤੋਂ) ਸਾਵਧਾਨ ਕਰਨ ਵਾਲੇ ਹੋ।
٢٤ إِنَّا أَرْسَلْنَاكَ بِالْحَقِّ بَشِيرًا وَنَذِيرًا ۚ وَإِنْ مِنْ أُمَّةٍ إِلَّا خَلَا فِيهَا نَذِيرٌ
24 ਬੇਸ਼ੱਕ ਅਸੀਂ ਹੀ ਤੁਹਾਨੂੰ ਹੱਕ (ਕੁਰਆਨ) ਨਾਲ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ ਡਰਾਉਣ ਵਾਲਾ ਬਣਾ ਕੇ ਭੇਜਿਆ ਹੈ ਤੇ ਕੋਈ ਵੀ ਅਜਿਹੀ ਉੱਮਤ ਨਹੀਂ ਹੋਈ ਜਿਸ ਵਿਚ ਕੋਈ ਡਰਾਉਂਣ ਵਾਲਾ ਨਾ ਆਇਆ ਹੋਵੇ।
٢٥ وَإِنْ يُكَذِّبُوكَ فَقَدْ كَذَّبَ الَّذِينَ مِنْ قَبْلِهِمْ جَاءَتْهُمْ رُسُلُهُمْ بِالْبَيِّنَاتِ وَبِالزُّبُرِ وَبِالْكِتَابِ الْمُنِيرِ
25 (ਹੇ ਮੁਹੰਮਦ!) ਜੇ ਇਹ (ਮੱਕੇ ਦੇ) ਲੋਕ ਤੁਹਾਨੂੰ ਝੁਠਲਾਉਂਦੇ ਹਨ ਤਾਂ ਉਹਨਾਂ ਲੋਕਾਂ ਨੇ ਵੀ ਤਾਂ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ ਜਿਹੜੇ ਇਹਨਾਂ ਨੂੰ ਪਹਿਲਾਂ ਬੀਤ ਚੁੱਕੇ ਹਨ, ਜਦ ਕਿ ਉਹਨਾਂ ਦੇ ਕੋਲ ਉਹਨਾਂ ਦੇ ਰਸੂਲ ਖੁੱਲ੍ਹੀਆਂ ਨਿਸ਼ਾਨੀਆਂ ਤੇ ਚਾਨ੍ਹਣ ਵਿਖਾਉਣ ਵਾਲੀਆਂ ਕਿਤਾਬਾਂ ਲੈ ਕੇ ਆਏ ਸਨ।
٢٦ ثُمَّ أَخَذْتُ الَّذِينَ كَفَرُوا ۖ فَكَيْفَ كَانَ نَكِيرِ
26 ਫੇਰ ਅਸੀਂ ਉਹਨਾਂ ਸਾਰੇ ਕਾਫ਼ਿਰਾਂ ਨੂੰ (ਅਜ਼ਾਬ ਵਿਚ) ਫੜ ਲਿਆ, ਫੇਰ ਵੇਖੋ ਮੇਰਾ ਅਜ਼ਾਬ ਕਿਹੋ ਜਿਹਾ ਸੀ।
٢٧ أَلَمْ تَرَ أَنَّ اللَّهَ أَنْزَلَ مِنَ السَّمَاءِ مَاءً فَأَخْرَجْنَا بِهِ ثَمَرَاتٍ مُخْتَلِفًا أَلْوَانُهَا ۚ وَمِنَ الْجِبَالِ جُدَدٌ بِيضٌ وَحُمْرٌ مُخْتَلِفٌ أَلْوَانُهَا وَغَرَابِيبُ سُودٌ
27 ਕੀ ਤੁਸੀਂ (ਹੇ ਲੋਕੋ!) ਵੇਖਦੇ ਨਹੀਂ ਕਿ ਬੇਸ਼ੱਕ ਅੱਲਾਹ ਨੇ ਅਕਾਸ਼ ਤੋਂ ਪਾਣੀ ਬਰਸਾਇਆ, ਫੇਰ ਅਸੀਂ ਉਸੇ ਰਾਹੀਂ ਭਾਂਤ-ਭਾਂਤ ਰੰਗਾਂ ਦੇ ਫਲ ਉਗਾਏ ਅਤੇ ਪਹਾੜਾਂ ਵਿਚ ਵੀ ਲਾਲ ਤੇ ਚਿੱਟੀਆਂ ਘਾਟੀਆਂ ਹਨ। ਉਹਨਾਂ ਦੇ ਵੱਖੋ-ਵੱਖ ਰੰਗ ਹਨ ਅਤੇ ਕਾਲੇ ਸਿਆਹ ਵੀ ਹਨ।
٢٨ وَمِنَ النَّاسِ وَالدَّوَابِّ وَالْأَنْعَامِ مُخْتَلِفٌ أَلْوَانُهُ كَذَٰلِكَ ۗ إِنَّمَا يَخْشَى اللَّهَ مِنْ عِبَادِهِ الْعُلَمَاءُ ۗ إِنَّ اللَّهَ عَزِيزٌ غَفُورٌ
28 ਇਸੇ ਪ੍ਰਕਾਰ ਮਨੁੱਖਾਂ, ਜਾਨਵਰਾਂ ਤੇ ਪਸ਼ੂਆਂ ਦੇ ਰੰਗ ਵੀ ਵੱਖੋ-ਵੱਖ ਹੁੰਦੇ ਹਨ। ਸੋ ਅੱਲਾਹ ਤੋਂ ਉਸ ਦੇ ਬੰਦਿਆਂ ਵਿੱਚੋਂ ਉਹੀਓ ਡਰਦੇ ਹਨ, ਜਿਹੜੇ ਗਿਆਨ ਰੱਖਦੇ ਹਨ। ਬੇਸ਼ੱਕ ਅੱਲਾਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।
٢٩ إِنَّ الَّذِينَ يَتْلُونَ كِتَابَ اللَّهِ وَأَقَامُوا الصَّلَاةَ وَأَنْفَقُوا مِمَّا رَزَقْنَاهُمْ سِرًّا وَعَلَانِيَةً يَرْجُونَ تِجَارَةً لَنْ تَبُورَ
29 ਜਿਹੜੇ ਲੋਕੀ ਅੱਲਾਹ ਦੀ ਕਿਤਾਬ (.ਕੁਰਆਨ) ਦਾ ਪਾਠ ਕਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ) ਦਿੱਤਾ ਹੈ ਉਸ ਵਿੱਚੋਂ ਗੁਪਤ ਰੂਪ ਵਿਚ ਜਾਂ (ਲੋੜ ਪੈਣ ’ਤੇ) ਐਲਾਨੀਆ ਖ਼ਰਚ ਕਰਦੇ ਹਨ, ਉਹ ਲੋਕ ਅਜਿਹੇ ਵਣਜ-ਵਪਾਰ ਦੇ ਆਸਵੰਦ ਹਨ, ਜਿਸ ਵਿਚ ਕੋਈ ਘਾਟਾ ਵੀ ਨਹੀਂ।
٣٠ لِيُوَفِّيَهُمْ أُجُورَهُمْ وَيَزِيدَهُمْ مِنْ فَضْلِهِ ۚ إِنَّهُ غَفُورٌ شَكُورٌ
30 (ਉਹ ਇਹ ਵਪਾਰ ਇਸ ਲਈ ਕਰਦੇ ਹਨ) ਤਾਂ ਜੋ ਅੱਲਾਹ ਉਹਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ-ਪੂਰਾ ਬਦਲਾ ਦੇਵੇ ਅਤੇ ਆਪਣੀ ਕ੍ਰਿਪਾ ਨਾਲ ਉਹਨਾਂ ਨੂੰ ਹੋਰ ਵੀ ਵਧੇਰਾ ਬਖ਼ਸ਼ੇ। ਬੇਸ਼ੱਕ ਉਹ (ਅੱਲਾਹ) ਵੱਡਾ ਬਖ਼ਸ਼ਣਹਾਰ ਤੇ (ਪਰਹੇਜ਼ਗਾਰਾਂ ਦਾ) ਕਦਰਦਾਨ ਹੈ।
٣١ وَالَّذِي أَوْحَيْنَا إِلَيْكَ مِنَ الْكِتَابِ هُوَ الْحَقُّ مُصَدِّقًا لِمَا بَيْنَ يَدَيْهِ ۗ إِنَّ اللَّهَ بِعِبَادِهِ لَخَبِيرٌ بَصِيرٌ
31 (ਹੇ ਨਬੀ!) ਅਸਾਂ ਜਿਹੜੀ ਕਿਤਾਬ (.ਕੁਰਆਨ) ਤੁਹਾਡੇ ਵੱਲ ਵਹੀ ਰਾਹੀਂ ਭੇਜੀ ਹੈ, ਉਹ ਬਿਲਕੁਲ ਸੱਚ ਹੈ। ਜਦ ਕਿ ਇਹ ਆਪਣੇ ਤੋਂ ਪਹਿਲਾਂ ਦੀਆਂ ਕਿਤਾਬਾਂ ਦੀ ਵੀ ਪੁਸ਼ਟੀ ਕਰਨ ਵਾਲੀ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਦੀ ਪੂਰੀ ਖ਼ਬਰ ਰੱਖਦਾ ਹੈ ਅਤੇ ਹਰੇਕ ਚੀਜ਼ ’ਤੇ ਨਜ਼ਰ ਰੱਖਣ ਵਾਲਾ ਹੈ।
٣٢ ثُمَّ أَوْرَثْنَا الْكِتَابَ الَّذِينَ اصْطَفَيْنَا مِنْ عِبَادِنَا ۖ فَمِنْهُمْ ظَالِمٌ لِنَفْسِهِ وَمِنْهُمْ مُقْتَصِدٌ وَمِنْهُمْ سَابِقٌ بِالْخَيْرَاتِ بِإِذْنِ اللَّهِ ۚ ذَٰلِكَ هُوَ الْفَضْلُ الْكَبِيرُ
32 ਅਸੀਂ ਉਹਨਾਂ ਲੋਕਾਂ ਨੂੰ ਕਿਤਾਬ ਦਾ ਵਾਰਸ ਬਣਾਇਆ, ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿੱਚੋਂ (ਉਚਿਤ ਸਮਝਿਆ) ਚੁਣ ਲਿਆ, ਫੇਰ ਉਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕਰਨ ਲੱਗ ਪਏ (ਭਾਵ ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕਰਨ ਲਗ ਪਏ) ਅਤੇ ਕੁੱਝ ਉਹਨਾਂ ਵਿੱਚੋਂ ਵਿਚਕਾਰਲੀ ਰਾਹ (ਕੁੱਝ ਹੁਕਮਾਂ ਦੀ ਆਗਿਆਕਾਰੀ ਤੇ ਕੁੱਝ ਹੁਕਮਾਂ ਦੀ ਉਲੰਘਣਾ ਦੀ ਨੀਤੀ) ਅਪਣਾਈ ਅਤੇ ਕੁੱਝ ਉਹਨਾਂ ਵਿੱਚੋਂ ਅੱਲਾਹ ਦੀ ਕ੍ਰਿਪਾ ਨਾਲ ਨੇਕੀਆਂ ਵਿਚ ਵਧਦੇ ਗਏ, ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ।
٣٣ جَنَّاتُ عَدْنٍ يَدْخُلُونَهَا يُحَلَّوْنَ فِيهَا مِنْ أَسَاوِرَ مِنْ ذَهَبٍ وَلُؤْلُؤًا ۖ وَلِبَاسُهُمْ فِيهَا حَرِيرٌ
33 ਜਿਨ੍ਹਾਂ ਬਾਗ਼ਾਂ ਵਿਚ ਉਹ ਪ੍ਰਵੇਸ਼ ਕਰਨਗੇ ਉਹ ਸਦੀਵੀਂ ਹਨ ਉੱਥੇ ਉਹਨਾਂ ਨੂੰ ਸੋਨੇ ਦੇ ਕੰਗਣਾਂ ਤੇ ਮੋਤੀਆਂ ਨਾਲ ਸ਼ਿੰਗਾਰਿਆ ਜਾਵੇਗਾ ਅਤੇ ਉੱਥੇ ਉਹਨਾਂ ਦੇ ਵਸਤਰ ਰੇਸ਼ਮ ਦੇ ਹੋਣਗੇ।
٣٤ وَقَالُوا الْحَمْدُ لِلَّهِ الَّذِي أَذْهَبَ عَنَّا الْحَزَنَ ۖ إِنَّ رَبَّنَا لَغَفُورٌ شَكُورٌ
34 ਅਤੇ ਉਹ ਆਖਣਗੇ ਕਿ ਅੱਲਾਹ ਦਾ (ਲੱਖ-ਲੱਖ) ਸ਼ੁਕਰ ਹੈ ਜਿਸ ਨੇ ਸਾਥੋਂ (ਨਰਕ ਦੀ) ਚਿੰਤਾ ਦੂਰ ਕੀਤੀ। ਬੇਸ਼ੱਕ ਸਾਡਾ ਪਾਲਣਹਾਰ ਬਹੁਤ ਹੀ ਵੱਡਾ ਬਖ਼ਸ਼ਣਹਾਰ ਹੈ ਅਤੇ (ਨੇਕੀਆਂ ਦੀ) ਕਦਰ ਕਰਨਾ ਵਾਲਾ ਹੈ।
٣٥ الَّذِي أَحَلَّنَا دَارَ الْمُقَامَةِ مِنْ فَضْلِهِ لَا يَمَسُّنَا فِيهَا نَصَبٌ وَلَا يَمَسُّنَا فِيهَا لُغُوبٌ
35 ਅਤੇ ਆਖਣਗੇ ਕਿ (ਧੰਨਵਾਦ ਉਸ ਦਾ) ਜਿਸ ਨੇ ਆਪਣੀ ਮਿਹਰਬਰਾਨੀਆਂ ਨਾਲ ਸਾਨੂੰ ਸਦੀਵੀ ਨਿਵਾਸ ਸਥਾਨ ਦਿੱਤਾ ਜਿੱਥੇ ਸਾਨੂੰ ਨਾ ਤਾਂ ਕੋਈ ਕੱਸ਼ਟ ਹੈ ਅਤੇ ਨਾ ਹੀ ਕੋਈ ਥਕੇਵਾਂ।
٣٦ وَالَّذِينَ كَفَرُوا لَهُمْ نَارُ جَهَنَّمَ لَا يُقْضَىٰ عَلَيْهِمْ فَيَمُوتُوا وَلَا يُخَفَّفُ عَنْهُمْ مِنْ عَذَابِهَا ۚ كَذَٰلِكَ نَجْزِي كُلَّ كَفُورٍ
36 ਜਿਨ੍ਹਾਂ ਨੇ (ਪੈਗ਼ੰਬਰਾਂ ਦੀਆਂ ਗੱਲਾਂ ਦਾ) ਇਨਕਾਰ ਕੀਤਾ ਸੀ ਉਹਨਾਂ ਲਈ ਨਰਕ ਦੀ ਅੱਗ ਹੋਵੇਗੀ ਫੇਰ ਨਾ ਉਹਨਾਂ ਨੂੰ ਮੌਤ ਆਵੇਗੀ ਕਿ ਮਰ ਹੀ ਜਾਣ ਅਤੇ ਨਾ ਹੀ ਨਰਕ ਦੇ ਅਜ਼ਾਬ ਵਿਚ ਕੋਈ ਕਟੋਤੀ ਕੀਤੀ ਜਾਵੇਗੀ। ਅਸੀਂ ਕਾਫ਼ਿਰਾਂ ਨੂੰ ਇਸ ਪ੍ਰਕਾਰ ਹੀ ਸਜ਼ਾ ਦਿੰਦੇ ਹਾਂ।
٣٧ وَهُمْ يَصْطَرِخُونَ فِيهَا رَبَّنَا أَخْرِجْنَا نَعْمَلْ صَالِحًا غَيْرَ الَّذِي كُنَّا نَعْمَلُ ۚ أَوَلَمْ نُعَمِّرْكُمْ مَا يَتَذَكَّرُ فِيهِ مَنْ تَذَكَّرَ وَجَاءَكُمُ النَّذِيرُ ۖ فَذُوقُوا فَمَا لِلظَّالِمِينَ مِنْ نَصِيرٍ
37 ਅਤੇ ਉਹ (ਕਾਫ਼ਿਰ) ਉਸ (ਨਰਕ) ਵਿੱਚੋਂ ਚੀਕਾਂ ਮਾਰ-ਮਾਰ ਕੇ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਇੱਥੋਂ ਕੱਢ ਲੈ, (ਹੁਣ) ਅਸੀਂ ਚੰਗੇ ਕੰਮ ਕਰਾਂਗੇ ਨਾ ਕਿ ਉਹ ਜਿਹੜੇ ਕੰਮ ਅਸੀਂ ਪਹਿਲਾਂ ਕਰਿਆ ਕਰਦੇ ਸੀ। (ਅੱਲਾਹ ਪੁੱਛੇਗਾ) ਕੀ ਅਸੀਂ ਤੁਹਾਨੂੰ ਇੰਨੀ ਉਮਰ ਨਹੀਂ ਦਿੱਤੀ ਸੀ ਕਿ ਜਿਸ ਵਿਚ ਜੇ ਕੋਈ ਕੁੱਝ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਸੀ? ਅਤੇ ਤੁਹਾਡੇ ਕੋਲ ਇਕ ਚਿਤਾਵਨੀ ਦੇਣ ਵਾਲਾ (ਪੈਗ਼ੰਬਰ) ਵੀ ਆਇਆ ਸੀ। ਹੁਣ ਤੁਸੀਂ (ਅੱਗ ਦਾ) ਸੁਆਦ ਲਵੋ। ਜ਼ਾਲਮਾਂ ਦਾ ਇੱਥੇ ਕੋਈ ਵੀ ਸਹਾਇਕ ਨਹੀਂ।
٣٨ إِنَّ اللَّهَ عَالِمُ غَيْبِ السَّمَاوَاتِ وَالْأَرْضِ ۚ إِنَّهُ عَلِيمٌ بِذَاتِ الصُّدُورِ
38 ਬੇਸ਼ੱਕ ਅਕਾਸ਼ਾਂ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਅੱਲਾਹ ਹੀ ਜਾਣਦਾ ਹੈ ਅਤੇ ਦਿਲਾਂ ਵਿਚ ਛੁੱਪੇ ਹੋਏ ਭੇਤਾਂ ਨੂੰ ਵੀ ਉਹੀਓ ਜਾਣਦਾ ਹੈ।
٣٩ هُوَ الَّذِي جَعَلَكُمْ خَلَائِفَ فِي الْأَرْضِ ۚ فَمَنْ كَفَرَ فَعَلَيْهِ كُفْرُهُ ۖ وَلَا يَزِيدُ الْكَافِرِينَ كُفْرُهُمْ عِنْدَ رَبِّهِمْ إِلَّا مَقْتًا ۖ وَلَا يَزِيدُ الْكَافِرِينَ كُفْرُهُمْ إِلَّا خَسَارًا
39 ਉਹੀ (ਅੱਲਾਹ) ਹੈ ਜਿਸ ਨੇ ਤੁਹਾਨੂੰ ਧਰਤੀ ਦਾ ਵਾਰਿਸ ਬਣਾਇਆ, ਸੋ ਜੋ ਕੋਈ ਕੁਫ਼ਰ (ਨਾ-ਸ਼ੁਕਰੀ) ਕਰੇਗਾ ਉਸ ਦੇ ਕੁਫ਼ਰ ਦਾ ਦੋਸ਼ ਉਸੇ ’ਤੇ ਹੀ ਹੋਵੇਗਾ ਅਤੇ ਕਾਫ਼ਿਰਾਂ (ਇਨਕਾਰੀਆਂ) ਲਈ ਉਹਨਾਂ ਦਾ ਕੁਫ਼ਰ (ਇਨਕਾਰ) ਉਹਨਾਂ ਦੇ ਰੱਬ ਦੇ (ਗੁੱਸੇ) ਨੂੰ ਵਧਾਉਣ ਦਾ ਕਾਰਨ ਬਣਦਾ ਹੈ ਅਤੇ ਕਾਫ਼ਿਰਾਂ ਲਈ ਉਹਨਾਂ ਦਾ ਕੁਫ਼ਰ ਉਹਨਾਂ ਦੇ ਨੁਕਸਾਨ ਵਿਚ ਵਾਧਾ ਕਰਦਾ ਹੈ।
٤٠ قُلْ أَرَأَيْتُمْ شُرَكَاءَكُمُ الَّذِينَ تَدْعُونَ مِنْ دُونِ اللَّهِ أَرُونِي مَاذَا خَلَقُوا مِنَ الْأَرْضِ أَمْ لَهُمْ شِرْكٌ فِي السَّمَاوَاتِ أَمْ آتَيْنَاهُمْ كِتَابًا فَهُمْ عَلَىٰ بَيِّنَتٍ مِنْهُ ۚ بَلْ إِنْ يَعِدُ الظَّالِمُونَ بَعْضُهُمْ بَعْضًا إِلَّا غُرُورًا
40 (ਹੇ ਨਬੀ! ਮੁਸ਼ਰਿਕਾਂ ਨੂੰ) ਆਖੋ, ਚੰਗਾ ਤੁਸੀਂ ਆਪਣੇ ਜਿਹੜੇ ਇਸ਼ਟ ਦੇਵ ਨੂੰ, ਅੱਲਾਹ ਨੂੰ ਛੱਡ ਕੇ (ਮਦਦ ਲਈ), ਪੁਕਾਰਦੇ ਹੋ ਰਤਾ ਮੈਨੂੰ ਵੀ ਵਿਖਾਓ ਕਿ ਉਹਨਾਂ ਨੇ ਧਰਤੀ ’ਤੇ ਕਿਹੜੀ ਰਚਨਾ ਰਚਾਈ ਹੈ ਜਾਂ ਅਕਾਸ਼ ਵਿਚ ਉਹਨਾਂ ਦੀ ਕਿਹੜੀ ਸਾਂਝ ਹੈ ? ਜਾਂ ਅਸੀਂ ਇਹਨਾਂ (ਮੁਸ਼ਰਿਕਾਂ) ਨੂੰ ਕੋਈ ਲਿਖਤ ਦੇ ਛੱਡੀ ਹੈ ਜਿਸ ਦੇ ਆਧਾਰ ’ਤੇ ਉਹ ਖੜ੍ਹੇ ਹਨ ? ਨਹੀਂ ਕੁੱਝ ਵੀ ਤਾਂ ਨਹੀਂ, ਸਗੋਂ ਇਹ ਜ਼ਾਲਮ ਇਕ ਦੂਜੇ ਨੂੰ ਕੇਵਲ ਲਾਰੇ ਅਤੇ ਧੋਖੇ ਦਈਂ ਜਾ ਰਹੇ ਹਨ।
٤١ إِنَّ اللَّهَ يُمْسِكُ السَّمَاوَاتِ وَالْأَرْضَ أَنْ تَزُولَا ۚ وَلَئِنْ زَالَتَا إِنْ أَمْسَكَهُمَا مِنْ أَحَدٍ مِنْ بَعْدِهِ ۚ إِنَّهُ كَانَ حَلِيمًا غَفُورًا
41 ਹਕੀਕਤ ਇਹ ਹੈ ਕਿ ਅੱਲਾਹ ਨੇ ਹੀ ਅਕਾਸ਼ਾਂ ਤੇ ਧਰਤੀ ਨੂੰ ਫੜ੍ਹਿਆ ਹੋਇਆ ਹੈ ਕਿ ਉਹ ਦੋਵੇਂ ਆਪਣੀ ਥਾਂ ਤੋਂ ਸਿਰਕ ਨਾ ਜਾਣ। ਜੇ ਉਹ ਸਿਰਕ ਜਾਣ ਫੇਰ ਉਹਨਾਂ ਨੂੰ ਹੋਰ ਕੋਈ ਥਮ੍ਹਣ ਵਾਲਾ ਵੀ ਨਹੀਂ। ਬੇਸ਼ੱਕ ਉਹ ਵੱਡਾ ਸਹਿਣਸ਼ੀਲ ਤੇ ਬਖ਼ਸ਼ਣਹਾਰ ਹੈ।
٤٢ وَأَقْسَمُوا بِاللَّهِ جَهْدَ أَيْمَانِهِمْ لَئِنْ جَاءَهُمْ نَذِيرٌ لَيَكُونُنَّ أَهْدَىٰ مِنْ إِحْدَى الْأُمَمِ ۖ فَلَمَّا جَاءَهُمْ نَذِيرٌ مَا زَادَهُمْ إِلَّا نُفُورًا
42 ਅਤੇ ਉਹਨਾਂ (ਮੱਕੇ ਦੇ) ਕਾਫ਼ਿਰਾਂ ਨੇ ਅੱਲਾਹ ਦੀਆਂ ਪੱਕੀਆਂ ਸੁੰਹਾਂ ਖਾ ਕੇ ਕਿਹਾ ਸੀ ਕਿ ਜੇ ਉਹਨਾਂ ਕੋਲ ਕੋਈ ਡਰਾਉਣ ਵਾਲਾ (ਪੈਗ਼ੰਬਰ) ਆਵੇਗਾ ਤਾਂ ਉਹ ਹੋਰਾਂ ਕੌਮਾਂ ਤੋਂ ਕਿਤੇ ਵੱਧ ਕੇ ਹਿਦਾਹਿਤਾਂ ਕਬੂਲ ਕਰਨ ਵਾਲੇ ਹੋਣਗੇ, ਪ੍ਰੰਤੂ ਜਦੋਂ ਉਹਨਾਂ ਕੋਲ ਡਰਾਉਣ ਵਾਲਾ (ਪੈਗ਼ੰਬਰ) ਆ ਗਿਆ ਤਾਂ ਉਸ ਦੇ ਆਉਣ ਨਾਲ ਉਹਨਾਂ ਵਿਚ ਹੱਕ ਪ੍ਰਤੀ ਨਫ਼ਰਤ ਵਿਚ ਵਾਧਾ ਹੋਣ ਲੱਗ ਪਿਆ।
٤٣ اسْتِكْبَارًا فِي الْأَرْضِ وَمَكْرَ السَّيِّئِ ۚ وَلَا يَحِيقُ الْمَكْرُ السَّيِّئُ إِلَّا بِأَهْلِهِ ۚ فَهَلْ يَنْظُرُونَ إِلَّا سُنَّتَ الْأَوَّلِينَ ۚ فَلَنْ تَجِدَ لِسُنَّتِ اللَّهِ تَبْدِيلًا ۖ وَلَنْ تَجِدَ لِسُنَّتِ اللَّهِ تَحْوِيلًا
43 ਨਫ਼ਰਤ ਦਾ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਧਰਤੀ ਉੱਤੇ ਵੱਡਾ ਸਮਝਦੇ ਸਨ ਅਤੇ (ਹੱਕ ਦੇ ਵਿਰੁੱਧ) ਭੈੜੀਆਂ ਚਾਲਾਂ ਵੀ ਚਲਦੇ ਸਨ। ਜਦੋਂ ਕਿ ਭੈੜੀਆਂ ਚਾਲਾਂ ਤਾਂ ਆਪਣੇ ਚਲਾਉਣ ਵਾਲੇ ਨੂੰ ਹੀ ਆ ਘੇਰਦੀਆਂ ਹਨ। ਹੁਣ ਇਹ ਲੋਕ ਉਸ (ਅਜ਼ਾਬ) ਦੀ ਉਡੀਕ ਕਰ ਰਹੇ ਹਨ ਜਿਹੜਾ ਪਹਿਲੀਆਂ ਕੌਮਾਂ ਨਾਲ ਅੱਲਾਹ ਦੀ ਮਰਿਆਦਾ ਰਹੀ ਹੈ। ਸੋ ਤੁਸੀਂ (ਹੇ ਨਬੀ!) ਕਦੇ ਵੀ ਅੱਲਾਹ ਦੀ ਮਰਿਆਦਾ ਨੂੰ ਬਦਲਦਾ ਹੋਇਆ ਨਹੀਂ ਵੇਖੋਗੇ ਅਤੇ ਨਾ ਹੀ ਤੁਸੀਂ ਅੱਲਾਹ ਦੀ ਮਰਿਆਦਾ ਨੂੰ ਟਲਦਾ ਵੇਖੋਗੇ।
٤٤ أَوَلَمْ يَسِيرُوا فِي الْأَرْضِ فَيَنْظُرُوا كَيْفَ كَانَ عَاقِبَةُ الَّذِينَ مِنْ قَبْلِهِمْ وَكَانُوا أَشَدَّ مِنْهُمْ قُوَّةً ۚ وَمَا كَانَ اللَّهُ لِيُعْجِزَهُ مِنْ شَيْءٍ فِي السَّمَاوَاتِ وَلَا فِي الْأَرْضِ ۚ إِنَّهُ كَانَ عَلِيمًا قَدِيرًا
44 ਕੀ ਉਹ (ਮੱਕੇ ਦੇ) ਲੋਕ ਧਰਤੀ ਉੱਤੇ ਤੁਰੇ ਫਿਰੇ ਨਹੀਂ, ਜਿਸ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਲੋਕੀ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ ਜਦ ਕਿ ਉਹ ਉਹਨਾਂ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਸੀ। ਅੱਲਾਹ ਅਜਿਹਾ ਨਹੀਂ ਕਿ ਕੋਈ ਚੀਜ਼ ਉਸ ਨੂੰ ਅਕਾਸ਼ਾਂ ਵਿਚ ਤੇ ਧਰਤੀ ਵਿਚ ਬੇਵਸ ਕਰ ਦੇਵੇ। ਉਹ ਸਭ ਕੁੱਝ ਜਾਣਦਾ ਹੈ ਅਤੇ ਹਰੇਕ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
٤٥ وَلَوْ يُؤَاخِذُ اللَّهُ النَّاسَ بِمَا كَسَبُوا مَا تَرَكَ عَلَىٰ ظَهْرِهَا مِنْ دَابَّةٍ وَلَٰكِنْ يُؤَخِّرُهُمْ إِلَىٰ أَجَلٍ مُسَمًّى ۖ فَإِذَا جَاءَ أَجَلُهُمْ فَإِنَّ اللَّهَ كَانَ بِعِبَادِهِ بَصِيرًا
45 ਅਤੇ ਜੇ ਅੱਲਾਹ ਲੋਕਾਂ ਨੂੰ ਉਹਨਾਂ ਦੀਆਂ ਕਰਤੂਤਾਂ ਕਾਰਨ ਫੜਣ ਲੱਗ ਜਾਂਦਾ ਹੈ ਤਾਂ ਇਸ (ਧਰਤੀ) ਦੀ ਪਿੱਠ ਉੱਤੇ ਤੁਰਨ-ਫਿਰਨ ਵਾਲਾ ਕੋਈ ਵੀ ਪ੍ਰਾਣੀ (ਉਸ ਦੇ ਅਜ਼ਾਬ ਤੋਂ) ਨਾ ਬਚ ਸਕਦਾ, ਪਰ ਉਹ (ਅੱਲਾਹ) ਨੇ ਉਹਨਾਂ ਸਭ ਨੂੰ ਇਕ ਨਿਯਤ ਸਮੇਂ ਲਈ ਢਿੱਲ ਦਿੱਤੀ ਹੋਈ ਹੈ, ਜਦੋਂ ਉਹਨਾਂ ਦਾ ਸਮਾਂ ਆ ਜਾਵੇਗਾ (ਉਹਨਾਂ ਨੂੰ ਸਜ਼ਾ ਦੇਵੇਗਾ)। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਨੂ ਚੰਗੀ ਤਰ੍ਹਾਂ ਵੇਖ ਰਿਹਾ ਹੈ।