Muhammad · Muhammad · سورة محمد · 38 ayahs

القرآن الكريمArif Haleem

بِسْمِ اللَّهِ الرَّحْمَٰنِ الرَّحِيمِ

ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

الَّذِينَ كَفَرُوا وَصَدُّوا عَنْ سَبِيلِ اللَّهِ أَضَلَّ أَعْمَالَهُمْ

ਜਿਨ੍ਹਾਂ ਲੋਕਾਂ ਨੇ (ਰੱਬੀ ਆਦੇਸ਼ਾਂ ਤੋਂ) ਇਨਕਾਰ ਕੀਤਾ ਅਤੇ (ਦੂਜਿਆਂ ਨੂੰ ਵੀ) ਅੱਲਾਹ ਦੀ ਰਾਹ ਚੱਲਣ ਤੋਂ ਰੋਕਿਆ, ਅੱਲਾਹ ਨੇ ਉਹਨਾਂ ਦੇ ਕਰਮਾਂ ਨੂੰ ਅਕਾਰਥ ਕਰ ਛੱਡਿਆ ਹੈ।

وَالَّذِينَ آمَنُوا وَعَمِلُوا الصَّالِحَاتِ وَآمَنُوا بِمَا نُزِّلَ عَلَىٰ مُحَمَّدٍ وَهُوَ الْحَقُّ مِنْ رَبِّهِمْ ۙ كَفَّرَ عَنْهُمْ سَيِّئَاتِهِمْ وَأَصْلَحَ بَالَهُمْ

ਜਿਹੜੇ ਲੋਕ ਈਮਾਨ ਲਿਆਏ ਤੇ ਭਲੇ ਕੰਮ ਕੀਤੇ ਅਤੇ ਉਹ ਉਸ (.ਕੁਰਆਨ) ਉੱਤੇ ਈਮਾਨ ਲਿਆਏ ਜੋ ਹਜ਼ਰਤ ਮੁਹੰਮਦ (ਸ:) ’ਤੇ ਉਤਾਰਿਆ ਗਿਆ ਅਤੇ ਉਹ ਉਹਨਾਂ ਦੇ ਰੱਬ ਵੱਲੋਂ ਹੱਕ-ਸੱਚ ’ਤੇ ਆਧਾਰਿਤ ਹੈ, ਅੱਲਾਹ ਨੇ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਿੱਤੀਆਂ ਅਤੇ ਉਹਨਾਂ ਦਾ ਹਾਲ ਸੁਆਰ ਦਿੱਤਾ।

ذَٰلِكَ بِأَنَّ الَّذِينَ كَفَرُوا اتَّبَعُوا الْبَاطِلَ وَأَنَّ الَّذِينَ آمَنُوا اتَّبَعُوا الْحَقَّ مِنْ رَبِّهِمْ ۚ كَذَٰلِكَ يَضْرِبُ اللَّهُ لِلنَّاسِ أَمْثَالَهُمْ

ਇਹ ਇਸ ਲਈ ਕਿ ਜਿਨ੍ਹਾਂ ਲੋਕਾਂ ਨੇ (.ਕੁਰਆਨ ਦਾ) ਇਨਕਾਰ ਕੀਤਾ ਹੈ, ਉਹਨਾਂ ਨੇ ਕੂੜ ਕੁਸਤਿ (ਝੂਠ) ਦੀ ਪੈਰਵੀ ਕੀਤੀ ਹੈ ਅਤੇ ਜਿਹੜੇ ਲੋਕ ਈਮਾਨ ਲਿਆਏ, ਉਹਨਾਂ ਨੇ ਆਪਣੇ ਰੱਬ ਵੱਲੋਂ ਆਈ ਹੋਈ ਹੱਕ-ਸੱਚ ਦੀ ਪੈਰਵੀ ਕੀਤੀ। ਇਸ ਤਰ੍ਹਾਂ ਅੱਲਾਹ ਲੋਕਾਂ ਦੇ ਲਈ ਉਹਨਾਂ ਦੀਆਂ ਉਦਾਹਰਣਾਂ ਬਿਆਨ ਕਰਦਾ ਹੈ।

فَإِذَا لَقِيتُمُ الَّذِينَ كَفَرُوا فَضَرْبَ الرِّقَابِ حَتَّىٰ إِذَا أَثْخَنْتُمُوهُمْ فَشُدُّوا الْوَثَاقَ فَإِمَّا مَنًّا بَعْدُ وَإِمَّا فِدَاءً حَتَّىٰ تَضَعَ الْحَرْبُ أَوْزَارَهَا ۚ ذَٰلِكَ وَلَوْ يَشَاءُ اللَّهُ لَانْتَصَرَ مِنْهُمْ وَلَٰكِنْ لِيَبْلُوَ بَعْضَكُمْ بِبَعْضٍ ۗ وَالَّذِينَ قُتِلُوا فِي سَبِيلِ اللَّهِ فَلَنْ يُضِلَّ أَعْمَالَهُمْ

ਸੋ ਜਦੋਂ ਇਹਨਾਂ ਇਨਕਾਰੀਆਂ ਨਾਲ (ਜੰਗ ਦੇ ਮੈਦਾਨ ਵਿਚ) ਤੁਹਾਡੀ ਮੁਠਭੇੜ ਹੋ ਜਾਵੇ ਤਾਂ (ਸਭ ਤੋਂ ਪਹਿਲਾਂ) ਇਹਨਾਂ ਦੀਆਂ ਧੌਨਾਂ ਵੱਡੋ। ਜਦੋਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਕੁਚਲ ਦਿਓ ਤਾਂ ਕੈਦੀਆਂ ਨੂੰ ਚੰਗੀ ਤਰ੍ਹਾਂ ਬੰਨ੍ਹ ਲਵੋ, ਇਸ ਤੋਂ ਪਿੱਛੋਂ ਜਾਂ ਤਾਂ ਤੁਸੀਂ ਉਹਨਾਂ ’ਤੇ ਅਹਿਸਾਨ ਕਰੋ ਜਾਂ ਫ਼ਿਦੀਯਾ (ਫ਼ਿਰੌਤੀ) ਲੈ ਲਓ, ਇੱਥੋਂ ਤਕ ਕਿ ਲੜਾਈ ਆਪਣੇ ਹਥਿਆਰ ਸੁੱਟ ਦੇਵੇ (ਭਾਵ ਜੰਗ ਖ਼ਤਮ ਹੋ ਜਾਵੇ), ਤੁਹਾਡੇ ਲਈ ਹੁਕਮ ਇਹੋ ਹੈ। ਜੇ ਅੱਲਾਹ ਚਾਹੁੰਦਾ ਤਾਂ ਆਪ ਹੀ ਉਹਨਾਂ ਤੋਂ ਬਦਲਾ ਲੈ ਲੈਂਦਾ, ਪਰ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ ਤਾਂ ਜੋ ਉਹ ਤੁਹਾਡੀ ਇਕ ਦੂਜੇ ਰਾਹੀਂ ਪਰਖ ਕਰ ਸਕੇ। ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਕਤਲ (ਸ਼ਹੀਦ) ਕੀਤੇ ਗਏ, ਅੱਲਾਹ ਉਹਨਾਂ ਦੇ ਕੀਤੇ (ਨੇਕ) ਕੰਮ ਅਜਾਈਂ ਨਹੀਂ ਜਾਣ ਦੇਵੇਗਾ।

سَيَهْدِيهِمْ وَيُصْلِحُ بَالَهُمْ

ਉਹ ਛੇਤੀ ਹੀ ਉਹਨਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਦੇ ਹਾਲ ਸੁਆਰ ਦੇਵੇਗਾ।

وَيُدْخِلُهُمُ الْجَنَّةَ عَرَّفَهَا لَهُمْ

ਉਹ ਉਹਨਾਂ ਨੂੰ ਉਸ (ਜੰਨਤ) ਵਿਚ ਦਾਖ਼ਲ ਕਰੇਗਾ, ਜਿਸ ਤੋਂ ਉਹ ਉਹਨਾਂ ਨੂੰ ਜਾਣੂ ਕਰਾ ਚੁੱਕਾ ਹੈ।

يَا أَيُّهَا الَّذِينَ آمَنُوا إِنْ تَنْصُرُوا اللَّهَ يَنْصُرْكُمْ وَيُثَبِّتْ أَقْدَامَكُمْ

ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਦੀ ਸਹਾਇਤਾ ਕਰੋਗੇ ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਪੈਰਾਂ ਨੂੰ ਪੱਕਿਆਂ ਕਰ ਦੇਵੇਗਾ।

وَالَّذِينَ كَفَرُوا فَتَعْسًا لَهُمْ وَأَضَلَّ أَعْمَالَهُمْ

ਪਰ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ ਤਾਂ ਉਹਨਾਂ ਲਈ ਬਰਬਾਦੀ ਹੈ ਅਤੇ ਅੱਲਾਹ ਉਹਨਾਂ ਦੇ ਕਰਮਾਂ ਨੂੰ ਅਜਾਈਂ ਕਰ ਦੇਵੇਗਾ।

ذَٰلِكَ بِأَنَّهُمْ كَرِهُوا مَا أَنْزَلَ اللَّهُ فَأَحْبَطَ أَعْمَالَهُمْ

ਇਹ ਇਸ ਲਈ ਹੈ ਕਿ ਬੇਸ਼ੱਕ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਨਾ-ਪਸੰਦ ਕੀਤਾ ਹੈ ਜਿਹੜੀ ਅੱਲਾਹ ਨੇ ਉਤਾਰੀ ਹੈ। ਫੇਰ ਉਸ (ਅੱਲਾਹ) ਨੇ ਉਹਨਾਂ ਦੇ (ਨੇਕ) ਕਰਮਾਂ ਨੂੰ ਅਜਾਈਂ ਕਰ ਦਿੱਤਾ।

أَفَلَمْ يَسِيرُوا فِي الْأَرْضِ فَيَنْظُرُوا كَيْفَ كَانَ عَاقِبَةُ الَّذِينَ مِنْ قَبْلِهِمْ ۚ دَمَّرَ اللَّهُ عَلَيْهِمْ ۖ وَلِلْكَافِرِينَ أَمْثَالُهَا

ਫੇਰ ਕੀ ਉਹ ਧਰਤੀ ਉੱਤੇ ਤੁਰੇ-ਫਿਰੇ ਨਹੀਂ ਕਿ ਉਹ ਉਹਨਾਂ ਲੋਕਾਂ ਦਾ ਅੰਤ ਵੇਖ ਲੈਂਦੇ ਜਿਹੜੇ ਉਹਨਾਂ ਤੋਂ ਪਹਿਲਾਂ (ਇਨਕਾਰੀ) ਸਨ?ਅੱਲਾਹ ਨੇ ਉਹਨਾਂ ਨੂੰ ਬਰਬਾਦ ਕਰ ਸੁੱਟਿਆ। ਇਨਕਾਰੀਆਂ ਲਈ ਅਜਿਹੀਆਂ ਹੀ ਸਜ਼ਾਵਾਂ ਨਿਯਤ ਕਰਦੇ ਹਾਂ।

ذَٰلِكَ بِأَنَّ اللَّهَ مَوْلَى الَّذِينَ آمَنُوا وَأَنَّ الْكَافِرِينَ لَا مَوْلَىٰ لَهُمْ

ਇਹ ਇਸ ਲਈ ਕਿ ਬੇਸ਼ੱਕ ਅੱਲਾਹ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿਹੜੇ ਈਮਾਨ ਲਿਆਏ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਦਾ ਕੋਈ ਵੀ ਸਹਾਇਕ ਨਹੀਂ।

إِنَّ اللَّهَ يُدْخِلُ الَّذِينَ آمَنُوا وَعَمِلُوا الصَّالِحَاتِ جَنَّاتٍ تَجْرِي مِنْ تَحْتِهَا الْأَنْهَارُ ۖ وَالَّذِينَ كَفَرُوا يَتَمَتَّعُونَ وَيَأْكُلُونَ كَمَا تَأْكُلُ الْأَنْعَامُ وَالنَّارُ مَثْوًى لَهُمْ

ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਤਾਂ ਅੱਲਾਹ ਉਹਨਾਂ ਲੋਕਾਂ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਲ ਕਰੇਗਾ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ ਅਤੇ ਜਿਨ੍ਹਾਂ ਲੋਕਾਂ ਨੇ (ਰੱਬ ਅਤੇ ਉਸ ਦੇ ਰਸੂਲ ਦਾ) ਇਨਕਾਰ ਕੀਤਾ, ਉਹ ਸੰਸਾਰ ਦਾ ਹੀ ਲਾਭ ਉਠਾਉਂਦੇ ਹਨ। ਉਹ ਇੰਜ ਨਿਸ਼ਚਿੰਤ ਹੋਕੇ ਖਾਂਦੇ-ਪੀਂਦੇ ਹਨ ਜਿਵੇਂ ਡੰਗਰ-ਪਸ਼ੂ ਖਾਂਦੇ ਹਨ। ਅੰਤ ਅੱਗ ਹੀ ਉਹਨਾਂ ਦਾ ਆਖ਼ਰੀ ਟਿਕਾਣਾ ਹੈ।

وَكَأَيِّنْ مِنْ قَرْيَةٍ هِيَ أَشَدُّ قُوَّةً مِنْ قَرْيَتِكَ الَّتِي أَخْرَجَتْكَ أَهْلَكْنَاهُمْ فَلَا نَاصِرَ لَهُمْ

(ਹੇ ਨਬੀ!) ਕਿੰਨੀਆਂ ਹੀ ਉਹ ਬਸਤੀਆਂ ਤੁਹਾਡੀ ਇਸ ਬਸਤੀ (ਮੱਕਾ) ਨਾਲੋਂ ਜਿਸ (ਦੇ ਵਸਨੀਕਾਂ) ਨੇ ਤੁਹਾਨੂੰ ਬਾਹਰ ਕੱਢ ਦਿੱਤਾ, ਕਿਤੇ ਵੱਧ ਜ਼ੋਰਾਵਰ ਸਨ। ਅਸੀਂ ਉਹਨਾਂ ਨੂੰ ਬਰਬਾਦ ਕਰ ਸੁੱਟਿਆ, ਫੇਰ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ।

أَفَمَنْ كَانَ عَلَىٰ بَيِّنَةٍ مِنْ رَبِّهِ كَمَنْ زُيِّنَ لَهُ سُوءُ عَمَلِهِ وَاتَّبَعُوا أَهْوَاءَهُمْ

ਭਲਾਂ ਕੀ ਉਹ ਵਿਅਕਤੀ, ਜਿਹੜਾ ਆਪਣੇ ਰੱਬ ਵੱਲੋਂ ਪ੍ਰਤੱਖ ਤੇ ਸਪਸ਼ਟ ਹਿਦਾਇਤ ਉੱਤੇ ਹੋਵੇ, ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੈ ਜਿਸ ਲਈ ਉਸ ਦੀ ਭੈੜੀ ਕਰਨੀ ਸ਼ੋਭਾਮਾਨ ਬਣਾ ਦਿੱਤੀ ਗਈ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਗਿਆ ਹੋਵੇ?

مَثَلُ الْجَنَّةِ الَّتِي وُعِدَ الْمُتَّقُونَ ۖ فِيهَا أَنْهَارٌ مِنْ مَاءٍ غَيْرِ آسِنٍ وَأَنْهَارٌ مِنْ لَبَنٍ لَمْ يَتَغَيَّرْ طَعْمُهُ وَأَنْهَارٌ مِنْ خَمْرٍ لَذَّةٍ لِلشَّارِبِينَ وَأَنْهَارٌ مِنْ عَسَلٍ مُصَفًّى ۖ وَلَهُمْ فِيهَا مِنْ كُلِّ الثَّمَرَاتِ وَمَغْفِرَةٌ مِنْ رَبِّهِمْ ۖ كَمَنْ هُوَ خَالِدٌ فِي النَّارِ وَسُقُوا مَاءً حَمِيمًا فَقَطَّعَ أَمْعَاءَهُمْ

ਜਿਸ ਜੰਨਤ ਦਾ ਵਾਅਦਾ ਪਰਹੇਜ਼ਗਾਰਾਂ ਨਾਲ ਕੀਤਾ ਗਿਆ ਹੈ, ਉਸ ਦੀ ਸ਼ਾਨ ਇਹ ਹੈ ਕਿ ਉਸ ਵਿਚ ਅਜਿਹੇ ਪਾਣੀ ਦੀਆਂ ਨਹਿਰਾਂ ਹਨ, ਜਿਹੜਾ ਬਦਲਣ ਵਾਲਾ ਨਹੀਂ ਅਤੇ ਅਜਿਹੇ ਦੁੱਧ ਦੀਆਂ ਨਹਿਰਾਂ ਹਨ ਜਿਸ ਦੇ ਸਵਾਦ ਵਿਚ ਕੋਈ ਫ਼ਰਕ ਨਹੀਂ ਆਇਆ ਹੋਵੇਗਾ ਅਤੇ ਅਜਿਹੀ ਸ਼ਰਾਬ ਦੀਆਂ ਨਹਿਰਾਂ ਹਨ ਜਿਹੜੀਆਂ ਪੀਣ ਵਾਲਿਆਂ ਲਈ ਸੁਆਦਲੀ ਹੋਵੇਗੀ ਅਤੇ ਪਾਕ-ਸਾਫ਼ ਸ਼ਹਿਦ ਦੀਆਂ ਨਹਿਰਾਂ ਹਨ। ਉੱਥੇ ਉਹਨਾਂ ਲਈ ਹਰ ਪ੍ਰਕਾਰ ਦੇ ਫਲ ਹੋਣਗੇ ਤੇ ਉਹਨਾਂ ਦੇ ਰੱਬ ਵੱਲੋਂ ਬਖ਼ਸ਼ਿਸ਼ ਹੋਵੇਗੀ। ਕੀ ਇਹ (ਨੇਕ ਲੋਕ) ਉਹਨਾਂ ਲੋਕਾਂ ਵਾਂਗ ਹੋ ਸਕਦੇ ਹਨ ਜਿਹੜੇ ਸਦਾ ਨਰਕ ਵਿਚ ਰਹਿਣ ਵਾਲੇ ਹਨ। ਉੱਥੇ ਉਹਨਾਂ ਨੂੰ ਉਬਲਦਾ ਹੋਇਆ ਪਾਣੀ ਪਿਆਇਆ ਜਾਵੇਗਾ ਜੋ ਉਹਨਾਂ ਦੀਆਂ ਆਂਤੜਾਂ ਦੇ ਟੋਟੇ-ਟੋਟੇ ਕਰ ਦੇਵੇਗਾ।

وَمِنْهُمْ مَنْ يَسْتَمِعُ إِلَيْكَ حَتَّىٰ إِذَا خَرَجُوا مِنْ عِنْدِكَ قَالُوا لِلَّذِينَ أُوتُوا الْعِلْمَ مَاذَا قَالَ آنِفًا ۚ أُولَٰئِكَ الَّذِينَ طَبَعَ اللَّهُ عَلَىٰ قُلُوبِهِمْ وَاتَّبَعُوا أَهْوَاءَهُمْ

(ਹੇ ਨਬੀ!) ਇਹਨਾਂ (ਮੁਨਾਫ਼ਿਕਾਂ) ਵਿਚ ਹੀ ਕੁੱਝ ਲੋਕ ਅਜਿਹੇ ਹਨ ਜਿਹੜੇ ਤੁਹਾਡੇ ਵੱਲ ਕੰਨ ਲਾਈਂ ਰੱਖਦੇ ਹਨ। ਜਦੋਂ ਉਹ ਤੁਹਾਡੇ ਕੋਲੋਂ ਨਿਕਲਦੇ ਹਨ ਤਾਂ ਉਹ ਉਹਨਾਂ ਤੋਂ ਜਿਨ੍ਹਾਂ ਨੂੰ (ਆਸਮਾਨੀ ਕਿਤਾਬਾਂ ਦਾ) ਗਿਆਨ ਦਿੱਤਾ ਗਿਆ ਹੈ, ਪੁੱਛਦੇ ਹਨ ਕਿ ਇਸ (ਨਬੀ) ਨੇ ਹੁਣੇ-ਹੁਣੇ ਤੁਹਾਨੂੰ ਕੀ ਆਖਿਆ ਸੀ? ਇਹ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਉੱਤੇ ਅੱਲਾਹ ਨੇ ਮੋਹਰ ਲਾ ਛੱਡੀ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹੇ।

وَالَّذِينَ اهْتَدَوْا زَادَهُمْ هُدًى وَآتَاهُمْ تَقْوَاهُمْ

ਜਿਹੜੇ ਲੋਕ ਸਿੱਧੇ ਰਾਹ ਪਏ ਹਨ ਅੱਲਾਹ ਉਹਨਾਂ ਨੂੰ ਵਧੇਰੇ ਹਿਦਾਇਤ ਦਿੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਹਿੱਸੇ ਦਾ ਡਰ-ਭੌ ਦਿੰਦਾ ਹੈ।

فَهَلْ يَنْظُرُونَ إِلَّا السَّاعَةَ أَنْ تَأْتِيَهُمْ بَغْتَةً ۖ فَقَدْ جَاءَ أَشْرَاطُهَا ۚ فَأَنَّىٰ لَهُمْ إِذَا جَاءَتْهُمْ ذِكْرَاهُمْ

ਇਹ ਲੋਕ ਤਾਂ ਹੁਣ ਕਿਆਮਤ ਦੀ ਉਡੀਕ ਕਰ ਰਹੇ ਹਨ ਕਿ ਉਹ ਅਚਣਚੇਤ ਉਹਨਾਂ ’ਤੇ ਆ ਜਾਵੇ। ਬੇਸ਼ੱਕ ਉਸ ਦੀਆਂ ਨਿਸ਼ਾਨੀਆਂ ਤਾਂ ਆ ਚੁੱਕੀਆਂ ਹਨ। ਸੋ ਜਦੋਂ ਉਹਨਾਂ ਕੋਲ ਕਿਆਮਤ ਆ ਪੁੱਜੇਗੀ ਤਾਂ ਉਹਨਾਂ ਲਈ ਨਸੀਹਤ ਕਬੂਲ ਕਰਨ ਦਾ ਕਿਹੜਾ ਮੌਕਾ ਬਾਕੀ ਰਹਿ ਜਾਵੇਗਾ?

فَاعْلَمْ أَنَّهُ لَا إِلَٰهَ إِلَّا اللَّهُ وَاسْتَغْفِرْ لِذَنْبِكَ وَلِلْمُؤْمِنِينَ وَالْمُؤْمِنَاتِ ۗ وَاللَّهُ يَعْلَمُ مُتَقَلَّبَكُمْ وَمَثْوَاكُمْ

ਸੋ (ਹੇ ਨਬੀ!) ਚੰਗੀ ਤਰ੍ਹਾਂ ਜਾਣ ਲਓ ਕਿ ਅੱਲਾਹ ਤੋਂ ਛੁੱਟ ਕੋਈ ਸੱਚਾ ਇਸ਼ਟ ਨਹੀਂ ਹੈ ਤੁਸੀਂ ਆਪਣੇ ਲਈ ਵੀ ਅਤੇ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਦੇ ਗੁਨਾਹਾਂ ਲਈ ਵੀ (ਰੱਬ ਤੋਂ) ਮੁਆਫ਼ੀ ਮੰਗੋ। ਅੱਲਾਹ ਤੁਹਾਡੇ ਤੁਰਨ-ਫਿਰਨ (ਸਰਗਰਮੀਆਂ) ਤੋਂ ਅਤੇ ਤੁਹਾਡੇ ਟਿਕਾਣੇ ਤੋਂ ਵੀ ਜਾਣੂ ਹੈ।

وَيَقُولُ الَّذِينَ آمَنُوا لَوْلَا نُزِّلَتْ سُورَةٌ ۖ فَإِذَا أُنْزِلَتْ سُورَةٌ مُحْكَمَةٌ وَذُكِرَ فِيهَا الْقِتَالُ ۙ رَأَيْتَ الَّذِينَ فِي قُلُوبِهِمْ مَرَضٌ يَنْظُرُونَ إِلَيْكَ نَظَرَ الْمَغْشِيِّ عَلَيْهِ مِنَ الْمَوْتِ ۖ فَأَوْلَىٰ لَهُمْ

ਜਿਹੜੇ ਲੋਕ ਈਮਾਨ ਲਿਆਏ ਉਹ ਆਖਦੇ ਹਨ ਕਿ ਕੋਈ ਸੂਰਤ (ਜਿਹਾਦ ਦੇ ਸੰਬੰਧ ਵਿਚ) ਕਿਉਂ ਨਹੀਂ ਉਤਾਰੀ ਗਈ? ਜਦੋਂ ਕੋਈ ਸਪਸ਼ਟ ਤੇ ਪੱਕੀ ਸੂਰਤ ਉਤਾਰੀ ਜਾਂਦੀ ਹੈ, ਜਿਸ ਵਿਚ ਕਤਲ ਕਰਨ ਦੀ ਚਰਚਾ ਕੀਤੀ ਜਾਂਦੀ ਹੈ। (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਵੇਖਿਆ, ਜਿਨ੍ਹਾਂ ਦੇ ਦਿਲਾਂ ਵਿਚ ਰੋਗ ਸੀ, ਉਹ ਤੁਹਾਡੇ ਵੱਲ ਉਸ ਵਿਅਕਤੀ ਵਾਂਗ ਵੇਖਦੇ ਹਨ ਜਿਵੇਂ ਕਿਸੇ ’ਤੇ ਮੌਤ ਛਾ ਗਈ ਹੋਵੇ। ਸੋ ਉਹਨਾਂ ਲਈ ਬਰਬਾਦੀ ਹੈ।

طَاعَةٌ وَقَوْلٌ مَعْرُوفٌ ۚ فَإِذَا عَزَمَ الْأَمْرُ فَلَوْ صَدَقُوا اللَّهَ لَكَانَ خَيْرًا لَهُمْ

ਤਾਬੇਦਾਰੀ ਕਰਨਾ ਤੇ ਚੰਗੀਆਂ ਗੱਲਾਂ ਆਖਣੀਆਂ ਵਧੀਆ ਗੱਲ ਹੈ ਪਰ ਜਦੋਂ (ਜਿਹਾਦ ਦਾ) ਸਮਸ਼ਟ ਹੁਕਮ ਆ ਜਾਂਦਾ ਹੈ ਤਾਂ ਜੇ ਉਹ ਅੱਲਾਹ ਨਾਲ ਕੀਤੇ ਪ੍ਰਣ ਵਿਚ ਸੱਚੇ ਰਹਿੰਦੇ ਤਾਂ ਉਹਨਾਂ ਲਈ ਵਧੇਰੇ ਚੰਗਾ ਹੈ।

فَهَلْ عَسَيْتُمْ إِنْ تَوَلَّيْتُمْ أَنْ تُفْسِدُوا فِي الْأَرْضِ وَتُقَطِّعُوا أَرْحَامَكُمْ

ਸੋ (ਹੇ ਮੁਨਾਫ਼ਿਕੋ!) ਤੁਹਾਥੋਂ ਤਾਂ ਇਹੋ ਆਸ ਕੀਤੀ ਜਾ ਸਕਦੀ ਹੈ ਕਿ ਜੇ ਤੁਸੀਂ ਹਾਕਮ ਬਣ ਜਾਓ ਤਾਂ ਤੁਸੀਂ ਧਰਤੀ ਵਿਚ ਵਿਗਾੜ ਪਾਓਗੇ ਅਤੇ ਆਪਣੇ ਰਿਸ਼ਤਿਆਂ ਨੂੰ ਤੋੜੋਗੇ।

أُولَٰئِكَ الَّذِينَ لَعَنَهُمُ اللَّهُ فَأَصَمَّهُمْ وَأَعْمَىٰ أَبْصَارَهُمْ

ਇਹੋ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਨੇ ਫਿਟਕਾਰ ਪਾਈ ਹੈ। ਫੇਰ ਉਸ (ਅੱਲਾਹ) ਨੇ ਉਹਨਾਂ (ਮੁਨਾਫ਼ਿਕਾਂ) ਨੂੰ ਬੋਲਾ ਬਣਾ ਦਿੱਤਾ ਅਤੇ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ।

أَفَلَا يَتَدَبَّرُونَ الْقُرْآنَ أَمْ عَلَىٰ قُلُوبٍ أَقْفَالُهَا

ਕੀ ਉਹ ਲੋਕ .ਕੁਰਆਨ ਉੱਤੇ ਵਿਚਾਰ ਨਹੀਂ ਕਰਦੇ ਜਾਂ ਉਹਨਾਂ ਦੇ ਦਿਲਾਂ ਉੱਤੇ ਜੰਦਰੇ ਲੱਗੇ ਹੋਏ ਹਨ?

إِنَّ الَّذِينَ ارْتَدُّوا عَلَىٰ أَدْبَارِهِمْ مِنْ بَعْدِ مَا تَبَيَّنَ لَهُمُ الْهُدَى ۙ الشَّيْطَانُ سَوَّلَ لَهُمْ وَأَمْلَىٰ لَهُمْ

ਬੇਸ਼ੱਕ ਜਿਹੜੇ ਲੋਕਾਂ ਨੇ ਪਿੱਠਾਂ ਫੇਰ ਲਈਆਂ ਜਦ ਕਿ ਉਹਨਾਂ ਉੱਤੇ ਹਿਦਾਇਤ ਸਪਸ਼ਟ ਹੋ ਚੁੱਕੀ ਸੀ ਫੇਰ ਸ਼ੈਤਾਨ ਨੇ ਉਹਨਾਂ ਦੇ ਭੈੜੇ ਅਮਲਾਂ ਨੂੰ ਸ਼ੋਭਾਮਾਨ ਬਣਾ ਛੱਡਿਆ ਹੈ ਅਤੇ ਅੱਲਾਹ ਨੇ ਉਹਨਾਂ ਨੂੰ ਢਿੱਲ ਦੇ ਛੱਡੀ।

ذَٰلِكَ بِأَنَّهُمْ قَالُوا لِلَّذِينَ كَرِهُوا مَا نَزَّلَ اللَّهُ سَنُطِيعُكُمْ فِي بَعْضِ الْأَمْرِ ۖ وَاللَّهُ يَعْلَمُ إِسْرَارَهُمْ

ਇਹ ਇਸ ਲਈ ਸੀ ਕਿ ਬੇਸ਼ੱਕ ਉਹਨਾਂ ਨੇ ਉਹਨਾਂ (ਯਹੂਦੀ) ਲੋਕਾਂ ਨੂੰ, ਜਿਨ੍ਹਾਂ ਨੇ ਇਸ ਚੀਜ਼ (.ਕੁਰਆਨ) ਨੂੰ ਨਾ-ਪਸੰਦ ਕੀਤਾ, ਜਿਹੜਾ ਅੱਲਾਹ ਨੇ ਉਤਾਰਿਆ ਸੀ, ਆਖਿਆ ਕਿ ਕੁੱਝ ਮਾਮਲਿਆਂ ਵਿਚ ਅਸੀਂ ਤੁਹਾਡੀਆਂ ਗੱਲਾਂ ਮੰਨਾਂਗੇ। ਅੱਲਾਹ ਉਹਨਾਂ ਦੇ ਦਿਲਾਂ ਦੀਆਂ ਗੱਲਾਂ ਚੰਗੀ ਤਰ੍ਹਾਂ ਜਾਣਦਾ ਹੈ।

فَكَيْفَ إِذَا تَوَفَّتْهُمُ الْمَلَائِكَةُ يَضْرِبُونَ وُجُوهَهُمْ وَأَدْبَارَهُمْ

ਉਸ ਵੇਲੇ ਕੀ ਹੋਵੇਗਾ, ਜਦੋਂ ਫ਼ਰਿਸ਼ਤੇ ਉਹਨਾਂ ਦੇ ਮੂੰਹਾਂ ਤੇ ਪਿੱਠਾਂ ਉੱਤੇ ਮਾਰਦੇ ਹੋਏ ਉਹਨਾਂ ਦੇ ਪ੍ਰਾਣ ਕੱਢਣਗੇ।

ذَٰلِكَ بِأَنَّهُمُ اتَّبَعُوا مَا أَسْخَطَ اللَّهَ وَكَرِهُوا رِضْوَانَهُ فَأَحْبَطَ أَعْمَالَهُمْ

ਇਹ (ਮਾਰ-ਕੁੱਟ) ਇਸ ਲਈ ਹੋਵੇਗੀ ਕਿ ਉਹਨਾਂ ਨੇ ਉਸ ਚੀਜ਼ ਦੀ ਪੈਰਵੀ ਕੀਤੀ ਜਿਸ ਨੇ ਅੱਲਾਹ ਨੂੰ ਨਾਰਾਜ਼ ਕਰ ਦਿੱਤਾ ਅਤੇ ਉਹਨਾਂ ਨੇ ਅੱਲਾਹ ਦੀ ਰਜ਼ਾਮੰਦੀ ਨੂੰ ਨਾ-ਪਸੰਦ ਕੀਤਾ। ਸੋ ਅੱਲਾਹ ਨੇ ਉਹਨਾਂ ਦੀਆਂ ਸਾਰੀਆਂ ਕਰਨੀਆਂ ਅਜਾਈਂ ਗੁਆ ਦਿੱਤੀਆਂ।

أَمْ حَسِبَ الَّذِينَ فِي قُلُوبِهِمْ مَرَضٌ أَنْ لَنْ يُخْرِجَ اللَّهُ أَضْغَانَهُمْ

ਕੀ ਉਹਨਾਂ ਲੋਕਾਂ ਨੇ, ਜਿਨ੍ਹਾਂ ਦੇ ਦਿਲਾਂ ਵਿਚ ਰੋਗ ਹੈ, ਇਹ ਸਮਝ ਬੈਠੇ ਹਨ ਕਿ ਅੱਲਾਹ ਉਹਨਾਂ ਦੇ ਦਿਲਾਂ ਦੇ ਖੋਟ ਨੂੰ ਪ੍ਰਗਟ ਨਹੀਂ ਕਰੇਗਾ?

وَلَوْ نَشَاءُ لَأَرَيْنَاكَهُمْ فَلَعَرَفْتَهُمْ بِسِيمَاهُمْ ۚ وَلَتَعْرِفَنَّهُمْ فِي لَحْنِ الْقَوْلِ ۚ وَاللَّهُ يَعْلَمُ أَعْمَالَكُمْ

ਜੇ ਅਸੀਂ ਚਾਹੁੰਦੇ ਤਾਂ ਉਹ ਮੁਨਾਫ਼ਿਕ ਤੁਹਾਨੂੰ ਅੱਖੀਂ ਵਿਖਾ ਦਿੰਦੇ, ਫੇਰ ਤੁਸੀਂ ਉਹਨਾਂ ਨੂੰ ਉਹਨਾਂ ਦੇ ਚਿਹਰਿਆਂ ਤੋਂ ਪਛਾਣ ਲੈਂਦੇ। ਤੁਸੀਂ ਉਹਨਾਂ ਦੀ ਬੋਲ-ਬਾਣੀ ਤੋਂ ਉਹਨਾਂ ਨੂੰ ਜਾਣ ਲਵੋਗੇ। ਅੱਲਾਹ ਤੁਹਾਡੇ ਕਰਮਾਂ ਨੂੰ ਜਾਣਦਾ ਹੈ।

وَلَنَبْلُوَنَّكُمْ حَتَّىٰ نَعْلَمَ الْمُجَاهِدِينَ مِنْكُمْ وَالصَّابِرِينَ وَنَبْلُوَ أَخْبَارَكُمْ

(ਹੇ ਮੋਮੀਨੋ!) ਅਸੀਂ ਤੁਹਾਨੂੰ ਜ਼ਰੂਰ ਹੀ ਅਜ਼ਮਾਵਾਂਗੇ ਤਾਂ ਜੋ ਅਸੀਂ ਵੇਖ ਲਈਏ ਕਿ ਤੁਹਾਡੇ ਵਿੱਚੋਂ ਜਿਹਾਦ ਕਰਨ ਵਾਲੇ ਤੇ ਸਬਰ ਕਰਨ ਵਾਲੇ (ਭਾਵ ਮੈਦਾਨ ਵਿਚ ਡਟੇ ਰਹਿਣ ਵਾਲੇ) ਕੌਣ ਹਨ ਅਤੇ ਤੁਹਾਡੇ ਦਿਲਾਂ ਦੇ ਹਾਲ ਦੀ ਪਰਖ ਕਰੀਏ।

إِنَّ الَّذِينَ كَفَرُوا وَصَدُّوا عَنْ سَبِيلِ اللَّهِ وَشَاقُّوا الرَّسُولَ مِنْ بَعْدِ مَا تَبَيَّنَ لَهُمُ الْهُدَىٰ لَنْ يَضُرُّوا اللَّهَ شَيْئًا وَسَيُحْبِطُ أَعْمَالَهُمْ

ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਦੂਜਿਆਂ ਨੂੰ ਵੀ ਅੱਲਾਹ ਦੀ ਰਾਹ ਤੋਂ ਰੋਕਿਆ ਅਤੇ ਰਸੂਲ (ਸ:) ਦੀ ਵਿਰੋਧਤਾ ਕੀਤੀ, ਜਦੋਂ ਕਿ ਉਹਨਾਂ ਉੱਤੇ ਸਿੱਧੀ ਰਾਹ ਸਪਸ਼ਟ ਹੋ ਚੁੱਕੀ ਸੀ, ਉਹ ਅੱਲਾਹ ਦਾ ਕੁੱਝ ਵੀ ਵਿਗਾੜ ਨਹੀਂ ਸਕਦੇ। ਛੇਤੀ ਹੀ ਉਹ ਉਹਨਾਂ ਦੇ ਅਮਲਾਂ ਨੂੰ ਅਜਾਈਂ ਗੁਆ ਦੇਵੇਗਾ।

يَا أَيُّهَا الَّذِينَ آمَنُوا أَطِيعُوا اللَّهَ وَأَطِيعُوا الرَّسُولَ وَلَا تُبْطِلُوا أَعْمَالَكُمْ

ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਆਗਿਆ ਦੀ ਪਾਲਣਾ ਕਰੋ ਅਤੇ ਰਸੂਲ ਦੀ ਤਾਬੇਦਾਰੀ ਕਰੋ ਅਤੇ ਆਪਣੇ ਕਰਮਾਂ ਨੂੰ ਅਜਾਈਂ ਨਾ ਕਰੋ।

إِنَّ الَّذِينَ كَفَرُوا وَصَدُّوا عَنْ سَبِيلِ اللَّهِ ثُمَّ مَاتُوا وَهُمْ كُفَّارٌ فَلَنْ يَغْفِرَ اللَّهُ لَهُمْ

ਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਅਤੇ ਦੂਜਿਆਂ ਨੂੰ ਅੱਲਾਹ ਦੀ ਰਾਹ ਤੋਂ ਰੋਕਿਆ, ਫੇਰ ਉਹ ਉਸੇ ਕੁਫ਼ਰ ਦੀ ਹਾਲਤ ਵਿਚ ਹੀ ਮਰ ਗਏ, ਤਾਂ ਅੱਲਾਹ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।

فَلَا تَهِنُوا وَتَدْعُوا إِلَى السَّلْمِ وَأَنْتُمُ الْأَعْلَوْنَ وَاللَّهُ مَعَكُمْ وَلَنْ يَتِرَكُمْ أَعْمَالَكُمْ

ਸੋ ਤੁਸੀਂ ਸੁਸਤੀ ਨਾ ਵਿਖਾਓ, ਨਾ ਹੀ ਸੁਲਾਹ ਲਈ ਬੇਨਤੀ ਕਰੋ ਜਦ ਕਿ ਤੁਸੀਂ ਹੀ ਗ਼ਾਲਬ (ਭਾਰੂ) ਰਹਿਣ ਵਾਲੇ ਹੋ। ਅੱਲਾਹ ਤੁਹਾਡੇ ਅੰਗ-ਸੰਗ ਹੈ, ਉਹ ਤੁਹਾਡੇ ਕਰਮਾਂ (ਦੇ ਸਵਾਬ)ਨੂੰ ਕਦੇ ਵੀ ਘੱਟ ਨਹੀਂ ਕਰੇਗਾ।

إِنَّمَا الْحَيَاةُ الدُّنْيَا لَعِبٌ وَلَهْوٌ ۚ وَإِنْ تُؤْمِنُوا وَتَتَّقُوا يُؤْتِكُمْ أُجُورَكُمْ وَلَا يَسْأَلْكُمْ أَمْوَالَكُمْ

ਸੰਸਾਰਿਕ ਜੀਵਨ ਤਾਂ ਇਕ ਖੇਡ-ਤਮਾਸ਼ਾ ਹੈ। (ਹੇ ਲੋਕੋ!) ਜੇ ਤੁਸੀਂ (ਅੱਲਾਹ ਤੇ ਉਸ ਦੇ ਰਸੂਲ ਮੁਹੰਮਦ ਸ: ਉੱਤੇ) ਈਮਾਨ ਲੈ ਆਓ ਤੇ ਬੁਰਾਈਆਂ ਤੋਂ ਬਚੇ ਰਹੋ ਤਾਂ ਅੱਲਾਹ ਤੁਹਾਨੂੰ ਤੁਹਾਡੇ ਕਰਮਫਲ ਦੇਵੇਗਾ। ਉਹ ਤੁਹਾਥੋਂ ਤੁਹਾਡੇ ਸਾਰੇ ਧਨ-ਪਦਾਰਥ ਨਹੀਂ ਮੰਗਦਾ।

إِنْ يَسْأَلْكُمُوهَا فَيُحْفِكُمْ تَبْخَلُوا وَيُخْرِجْ أَضْغَانَكُمْ

ਜੇ ਅੱਲਾਹ ਤੁਹਾਥੋਂ ਉਹ (ਮਾਲ-ਦੌਲਤ) ਮੰਗ ਲਵੇ ਅਤੇ ਇਸ ਲਈ ਜ਼ੋਰ ਪਾਵੇ, ਤਾਂ ਫੇਰ ਤੁਸੀਂ ਕੰਜੂਸੀ ਕਰੋਗੇ ਅਤੇ ਉਹ ਤੁਹਾਡੇ (ਦਿਲਾਂ ਦੇ) ਖੋਟ ਬਾਹਰ ਕੱਢ ਲਿਆਵੇਗਾ।

هَا أَنْتُمْ هَٰؤُلَاءِ تُدْعَوْنَ لِتُنْفِقُوا فِي سَبِيلِ اللَّهِ فَمِنْكُمْ مَنْ يَبْخَلُ ۖ وَمَنْ يَبْخَلْ فَإِنَّمَا يَبْخَلُ عَنْ نَفْسِهِ ۚ وَاللَّهُ الْغَنِيُّ وَأَنْتُمُ الْفُقَرَاءُ ۚ وَإِنْ تَتَوَلَّوْا يَسْتَبْدِلْ قَوْمًا غَيْرَكُمْ ثُمَّ لَا يَكُونُوا أَمْثَالَكُمْ

ਸੁਣੋ! ਤੁਸੀਂ ਤਾਂ ਉਹ ਲੋਕ ਹੋ ਕਿ ਜਿਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਖ਼ਰਚ ਕਰੋ, ਤੁਹਾਡੇ ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਕੰਜੂਸੀਆਂ ਕਰਦੇ ਹਨ। ਜਿਹੜਾ ਕੋਈ ਕੰਜੂਸੀ ਕਰਦਾ ਹੈ (ਉਹ ਸੁਣ ਲਵੇ!) ਉਹ ਤਾਂ ਆਪਣੇ ਆਪ ਨਾਲ ਹੀ ਕੰਜੂਸੀ ਕਰਦਾ ਹੈ। ਅੱਲਾਹ ਤਾਂ ਬੇਪਰਵਾਹ ਹੈ, ਤੁਸੀਂ ਹੀ ਉਸ ਦੇ ਮੁਥਾਜ ਹੋ। ਜੇ ਤੁਸੀਂ (ਉਸ ਤੋਂ) ਮੂੰਹ ਮੋੜੋਗੇ ਤਾਂ ਅੱਲਾਹ ਤੁਹਾਡੀ ਥਾਂ ਦੂਜੇ ਲੋਕਾਂ ਨੂੰ ਬਦਲ ਦੇਵੇਗਾ, ਫੇਰ ਉਹ ਤੁਹਾਡੇ ਵਰਗੇ (ਨਾ-ਫ਼ਰਮਾਨ) ਨਹੀਂ ਹੋਣਗੇ।