Iron · al-Hadid · سورة الحديد · 29 ayahs

بِسْمِ اللَّهِ الرَّحْمَٰنِ الرَّحِيمِ

ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

سَبَّحَ لِلَّهِ مَا فِي السَّمَاوَاتِ وَالْأَرْضِ ۖ وَهُوَ الْعَزِيزُ الْحَكِيمُ

ਅਕਾਸ਼ਾਂ ਤੇ ਧਰਤੀ ਵਿਚ ਜਿਹੜੀ ਵੀ ਚੀਜ਼ ਹੈ, ਉਹ ਅੱਲਾਹ ਦੀ ਤਸਬੀਹ ਕਰਦੀ ਹੈ। ਉਹੀਓ ਅਤਿਅੰਤ ਜ਼ੋਰਾਵਰ ਅਤੇ ਯੁਕਤੀਮਾਨ ਹੈ।

لَهُ مُلْكُ السَّمَاوَاتِ وَالْأَرْضِ ۖ يُحْيِي وَيُمِيتُ ۖ وَهُوَ عَلَىٰ كُلِّ شَيْءٍ قَدِيرٌ

ਅਕਾਸ਼ਾਂ ਤੇ ਧਰਤੀ ਦਾ ਪਾਤਸ਼ਾਹੀ ਉਸੇ ਲਈ ਹੈ, ਉਹੀਓ ਜਿਊਂਦਾ ਕਰਦਾ ਹੈ, ਉਹੀਓ ਮੌਤ ਦਿੰਦਾ ਹੈ ਅਤੇ ਉਹੀਓ ਹਰ ਕੰਮ ਕਰਨ ਦੀ ਸਮਰਥਾ ਰਖਦਾ ਹੈ।

هُوَ الْأَوَّلُ وَالْآخِرُ وَالظَّاهِرُ وَالْبَاطِنُ ۖ وَهُوَ بِكُلِّ شَيْءٍ عَلِيمٌ

ਉਹੀਓ (ਸ੍ਰਿਸ਼ਟੀ ਦਾ) ਆਰੰਭ ਹੈ ਅਤੇ ਉਹੀਓ ਅੰਤ ਹੈ। ਉਹੀਓ ਪ੍ਰਗਟ ਹੈ ਤੇ ਗੁਪਤ ਵੀ ਉਹੀਓ ਹੀ ਹੈ ਅਤੇ ਉਹ ਹਰ ਚੀਜ਼ ਦਾ ਜਾਣਨਹਾਰ ਹੈ।

هُوَ الَّذِي خَلَقَ السَّمَاوَاتِ وَالْأَرْضَ فِي سِتَّةِ أَيَّامٍ ثُمَّ اسْتَوَىٰ عَلَى الْعَرْشِ ۚ يَعْلَمُ مَا يَلِجُ فِي الْأَرْضِ وَمَا يَخْرُجُ مِنْهَا وَمَا يَنْزِلُ مِنَ السَّمَاءِ وَمَا يَعْرُجُ فِيهَا ۖ وَهُوَ مَعَكُمْ أَيْنَ مَا كُنْتُمْ ۚ وَاللَّهُ بِمَا تَعْمَلُونَ بَصِيرٌ

ਉਹੀ ਹੈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਛੇ ਦਿਨਾਂ ਵਿਚ ਸਾਜਿਆ, ਫੇਰ ਅਰਸ਼ (ਰਾਜ ਸਿੰਘਾਸਨ) ਉੱਤੇ ਜਾ ਬੈਠਿਆ। ਉਹ ਜਾਣਦਾ ਹੈ, ਜੋ ਚੀਜ਼ ਧਰਤੀ ਵਿਚ ਜਾਂਦੀ ਹੈ ਅਤੇ ਜੋ ਇਸ ਵਿੱਚੋਂ ਨਿੱਕਲਦੀ ਹੈ ਅਤੇ ਜੋ ਚੀਜ਼ ਅਕਾਸ਼ ਵਿੱਚੋਂ ਉੱਤਰਦੀ ਹੈ ਤੇ ਜੋ ਉਸ ਵਿਚ ਚੜ੍ਹਦੀ ਹੈ। ਤੁਸੀਂ ਜਿੱਥੇ ਵੀ ਹੁੰਦੇ ਹੋ ਉਹ ਤੁਹਾਡੇ ਅੰਗ-ਸੰਗ ਹੁੰਦਾ ਹੈ। ਤੁਸੀਂ ਜੋ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ।

لَهُ مُلْكُ السَّمَاوَاتِ وَالْأَرْضِ ۚ وَإِلَى اللَّهِ تُرْجَعُ الْأُمُورُ

ਅੱਲਾਹ ਲਈ ਹੀ ਅਕਾਸ਼ ਅਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਸਾਰੇ ਮਾਮਲੇ (ਨਿਬੇੜਣ ਲਈ) ਉਸੇ ਵੱਲ ਪਰਤਾਏ ਜਾਂਦੇ ਹਨ।

يُولِجُ اللَّيْلَ فِي النَّهَارِ وَيُولِجُ النَّهَارَ فِي اللَّيْلِ ۚ وَهُوَ عَلِيمٌ بِذَاتِ الصُّدُورِ

ਉਹੀਓ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੈ। ਉਹ ਦਿਲਾਂ ਦੇ ਭੇਤਾਂ ਨੂੰ ਵੀ ਜਾਣਦਾ ਹੈ।

آمِنُوا بِاللَّهِ وَرَسُولِهِ وَأَنْفِقُوا مِمَّا جَعَلَكُمْ مُسْتَخْلَفِينَ فِيهِ ۖ فَالَّذِينَ آمَنُوا مِنْكُمْ وَأَنْفَقُوا لَهُمْ أَجْرٌ كَبِيرٌ

(ਹੇ ਲੋਕੋ) ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲੈ ਆਓ ਅਤੇ ਉਸ ਮਾਲ ਵਿੱਚੋਂ ਖ਼ਰਚ ਕਰੋ ਜਿਸ ਦਾ ਉਸ (ਅੱਲਾਹ) ਨੇ ਤੁਹਾਨੂੰ ਜਾਨਸ਼ੀਨ ਬਣਾਇਆ ਹੈ। ਤੁਹਾਡੇ ਵਿੱਚੋਂ ਜੋ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਖ਼ਰਚ ਕੀਤਾ ਉਹਨਾਂ ਲਈ ਵੱਡਾ ਬਦਲਾ ਹੈ।

وَمَا لَكُمْ لَا تُؤْمِنُونَ بِاللَّهِ ۙ وَالرَّسُولُ يَدْعُوكُمْ لِتُؤْمِنُوا بِرَبِّكُمْ وَقَدْ أَخَذَ مِيثَاقَكُمْ إِنْ كُنْتُمْ مُؤْمِنِينَ

ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਅੱਲਾਹ ਉੱਤੇ ਈਮਾਨ ਨਹੀਂ ਲਿਆਉਂਦੇ? ਜਦੋਂ ਕਿ ਰਸੂਲ ਤੁਹਾਨੂੰ ਸੱਦਾ ਦੇ ਰਿਹਾ ਹੈ ਕਿ ਤੁਸੀਂ ਆਪਣੇ ਪਾਲਣਹਾਰ ’ਤੇ ਈਮਾਨ ਲੈ ਆਓ ਜਦ ਕਿ ਉਹ ਤੁਹਾਥੋਂ (ਪਹਿਲਾਂ ਹੀ) ਪੱਕਾ ਵਚਨ ਲੈ ਚੁੱਕਿਆ ਹੈ, ਜੇ ਤੁਸੀਂ ਈਮਾਨਦਾਰ ਹੋ। (ਤਾਂ ਮੰਨ ਲਓ)

هُوَ الَّذِي يُنَزِّلُ عَلَىٰ عَبْدِهِ آيَاتٍ بَيِّنَاتٍ لِيُخْرِجَكُمْ مِنَ الظُّلُمَاتِ إِلَى النُّورِ ۚ وَإِنَّ اللَّهَ بِكُمْ لَرَءُوفٌ رَحِيمٌ

ਉਹੀ ਤਾਂ ਹੈ ਜਿਹੜਾ ਆਪਣੇ ਬੰਦੇ (ਮੁਹੰਮਦ ਸ:) ਉੱਤੇ ਸਪਸ਼ਟ ਆਇਤਾਂ (ਆਦੇਸ਼) ਉਤਾਰਦਾ ਹੈ ਤਾਂ ਜੋ ਉਹ (ਰਸੂਲ) ਤੁਹਾਨੂੰ ਹਨੇਰ੍ਹਿਆਂ ਤੋਂ ਉਜਾਲੇ ਵੱਲ ਕੱਢ ਲਿਆਵੇ। ਬੇਸ਼ੱਕ ਅੱਲਾਹ ਤੁਹਾਡੇ ’ਤੇ ਅਤਿਅੰਤ ਮਿਹਰਬਾਨ ਤੇ ਰਹਿਮ ਕਰਨ ਵਾਲਾ ਹੈ।

وَمَا لَكُمْ أَلَّا تُنْفِقُوا فِي سَبِيلِ اللَّهِ وَلِلَّهِ مِيرَاثُ السَّمَاوَاتِ وَالْأَرْضِ ۚ لَا يَسْتَوِي مِنْكُمْ مَنْ أَنْفَقَ مِنْ قَبْلِ الْفَتْحِ وَقَاتَلَ ۚ أُولَٰئِكَ أَعْظَمُ دَرَجَةً مِنَ الَّذِينَ أَنْفَقُوا مِنْ بَعْدُ وَقَاتَلُوا ۚ وَكُلًّا وَعَدَ اللَّهُ الْحُسْنَىٰ ۚ وَاللَّهُ بِمَا تَعْمَلُونَ خَبِيرٌ

ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰਦੇ? ਜਦੋਂ ਕਿ ਅਕਾਸ਼ਾਂ ਤੇ ਧਰਤੀ ਦੀ ਮਲਕੀਅਤ ਅੱਲਾਹ ਲਈ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਮੱਕੇ ਦੀ ਫ਼ਤਿਹ ਤੋਂ ਪਹਿਲਾਂ ਖ਼ਰਚ ਕੀਤਾ ਤੇ ਜਿਹਾਦ ਕੀਤਾ, ਇਹ ਉਹਨਾਂ ਲੋਕਾਂ ਦੇ ਬਰਾਬਰ ਨਹੀਂ ਜਿਨ੍ਹਾਂ ਨੇ ਮੱਕਾ ਫ਼ਤਿਹ ਹੋਣ ਤੋਂ ਬਾਅਦ ਇਹੋ ਕੰਮ ਕੀਤਾ। ਉਹ (ਪਹਿਲਾਂ ਖ਼ਰਚ ਕਰਨ ਵਾਲੇ) ਲੋਕ ਦਰਜੇ ਵਿਚ ਉਹਨਾਂ ਲੋਕਾਂ ਤੋਂ ਉੱਚੇ ਹਨ, ਜਿਨ੍ਹਾਂ ਨੇ ਇਸ (ਫ਼ਤਿਹ) ਤੋਂ ਬਾਅਦ ਖ਼ਰਚ ਕੀਤਾ ਤੇ ਜਿਹਾਦ ਵੀ ਕੀਤਾ। ਅੱਲਾਹ ਨੇ ਹਰੇਕ ਨੂੰ ਵਧੀਆ ਬਦਲਾ ਦੇਣ ਦਾ ਵਾਅਦਾ ਕੀਤਾ ਹੈ। ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਅਮਲ ਕਰਦੇ ਹੋ।

مَنْ ذَا الَّذِي يُقْرِضُ اللَّهَ قَرْضًا حَسَنًا فَيُضَاعِفَهُ لَهُ وَلَهُ أَجْرٌ كَرِيمٌ

ਉਹ ਕੌਣ ਹੈ ਜਿਹੜਾ ਅੱਲਾਹ ਨੂੰ ਸੋਹਣਾ ਕਰਜ਼ ਦੇਵੇ ਤਾਂ ਜੋ ਅੱਲਾਹ ਉਸ (ਦੇ ਧੰਨ) ਵਿੱਚ ਹੋਰ ਵਾਧਾ ਕਰੇ ਤੇ ਉਸ ਦੇ (ਕਰਜ਼ ਦੇਣ ਵਾਲੇ) ਲਈ ਇਹੋ ਵਧੀਆ ਬਦਲਾ ਹੈ।

يَوْمَ تَرَى الْمُؤْمِنِينَ وَالْمُؤْمِنَاتِ يَسْعَىٰ نُورُهُمْ بَيْنَ أَيْدِيهِمْ وَبِأَيْمَانِهِمْ بُشْرَاكُمُ الْيَوْمَ جَنَّاتٌ تَجْرِي مِنْ تَحْتِهَا الْأَنْهَارُ خَالِدِينَ فِيهَا ۚ ذَٰلِكَ هُوَ الْفَوْزُ الْعَظِيمُ

(ਹੇ ਨਬੀ!) ਉਸ (ਕਿਆਮਤ) ਦਿਹਾੜੇ ਤੁਸੀਂ ਈਮਾਨ ਵਾਲੇ ’ਤੇ ਈਮਾਨ ਵਾਲੀਆਂ ਨੂੰ ਵੇਖੋਗੇ ਕਿ ਉਹਨਾਂ ਦਾ ਨੂਰ ਉਹਨਾਂ ਦੇ ਅੱਗੇ-ਅੱਗੇ ਤੇ ਉਹਨਾਂ ਦੇ ਸੱਜੇ ਪਾਸੇ ਨੱਸਦਾ ਹੋਵੇਗਾ। ਆਖਿਆ ਜਾਵੇਗਾ ਕਿ ਅੱਜ ਤੁਹਾਨੂੰ ਅਜਿਹੇ ਬਾਗ਼ਾਂ ਦੀ ਖ਼ੁਸ਼ਖ਼ਬਰੀ ਹੈ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਰਹਿਣਗੇ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।

يَوْمَ يَقُولُ الْمُنَافِقُونَ وَالْمُنَافِقَاتُ لِلَّذِينَ آمَنُوا انْظُرُونَا نَقْتَبِسْ مِنْ نُورِكُمْ قِيلَ ارْجِعُوا وَرَاءَكُمْ فَالْتَمِسُوا نُورًا فَضُرِبَ بَيْنَهُمْ بِسُورٍ لَهُ بَابٌ بَاطِنُهُ فِيهِ الرَّحْمَةُ وَظَاهِرُهُ مِنْ قِبَلِهِ الْعَذَابُ

ਉਸ ਦਿਨ ਮੁਨਾਫ਼ਿਕ (ਪਖੰਡੀ) ਪੁਰਸ਼ ਅਤੇ ਮੁਨਾਫ਼ਿਕ ਇਸਤਰੀਆਂ ਈਮਾਨ ਲਿਆਉਣ ਵਾਲਿਆਂ ਨੂੰ ਆਖਣਗੇ ਕਿ ਤੁਸੀਂ ਸਾਡੀ ਉਡੀਕ ਕਰੋ ਕਿ ਅਸੀਂ ਵੀ ਤੁਹਾਡੇ ਨੂਰ ਵਿੱਚੋਂ ਕੁੱਝ ਚਾਨਣ ਪ੍ਰਾਪਤ ਕਰ ਲਈਏ। ਉਹਨਾਂ ਨੂੰ ਆਖਿਆ ਜਾਵੇਗਾ ਕਿ ਆਪਣੇ ਪਿੱਛਾਂਹ ਮੁੜ ਜਾਓ ਤੇ ਫੇਰ ਨੂਰ ਨੂੰ ਲੱਭੋ। ਫੇਰ ਉਹਨਾਂ ਵਿਚਾਲੇ ਇਕ ਕੰਧ ਖੜੀ ਕਰ ਦਿੱਤੀ ਜਾਵੇਗੀ ਜਿਸ ਦਾ ਇਕ ਬੂਹਾ ਹੋਵੇਗਾ, ਉਸ ਦੇ ਅੰਦਰ ਰਹਿਮਤਾਂ ਹੋਣਗੀਆਂ ਤੇ ਉਸ ਦੇ ਬਾਹਰ ਅਜ਼ਾਬ ਹੋਵੇਗਾ।

يُنَادُونَهُمْ أَلَمْ نَكُنْ مَعَكُمْ ۖ قَالُوا بَلَىٰ وَلَٰكِنَّكُمْ فَتَنْتُمْ أَنْفُسَكُمْ وَتَرَبَّصْتُمْ وَارْتَبْتُمْ وَغَرَّتْكُمُ الْأَمَانِيُّ حَتَّىٰ جَاءَ أَمْرُ اللَّهِ وَغَرَّكُمْ بِاللَّهِ الْغَرُورُ

ਉਹ (ਮੁਨਾਫ਼ਿਕ) ਇਹਨਾਂ (ਮੋਮਿਨਾਂ) ਨੂੰ ਆਖਣਗੇ, ਕੀ (ਸੰਸਾਰ) ਵਿਚ ਅਸੀਂ ਤੁਹਾਡੇ ਸੰਗ ਨਹੀਂ ਸੀ? ਉਹ ਆਖਣਗੇ ਕਿ ਹਾਂ! ਕਿਉਂ ਨਹੀਂ! ਪਰ ਤੁਸੀਂ ਆਪਣੇ ਆਪ ਨੂੰ ਅਜ਼ਮਾਇਸ਼ਾਂ ਵਿਚ ਪਾ ਲਿਆ ਸੀ ਅਤੇ ਤੁਸੀਂ ਈਮਾਨ ਵਾਲਿਆਂ ਪ੍ਰਤੀ (ਭੈੜੇ) ਸਮੇਂ ਦੀ ਉਡੀਕ ਵਿਚ ਸੀ। ਤੁਸੀਂ (ਦੀਨ ਵਿਚ) ਸ਼ੱਕ ਵੀ ਕੀਤਾ ਅਤੇ ਤੁਹਾਨੂੰ ਤੁਹਾਡੀਆਂ ਇੱਛਾਵਾਂ ਨੇ ਧੋਖੇ ਵਿਚ ਰੱਖਿਆ, ਇੱਥੋਂ ਤਕ ਕਿ ਅੱਲਾਹ ਦਾ ਹੁਕਮ ਆ ਪਹੁੰਚਿਆ ਅਤੇ ਧੋਖੇਬਾਜ਼ ਸ਼ੈਤਾਨ ਨੇ ਤੁਹਾਨੂੰ ਅੱਲਾਹ ਦੇ ਬਾਰੇ ਧੋਖਾ ਦਿੱਤਾ।

فَالْيَوْمَ لَا يُؤْخَذُ مِنْكُمْ فِدْيَةٌ وَلَا مِنَ الَّذِينَ كَفَرُوا ۚ مَأْوَاكُمُ النَّارُ ۖ هِيَ مَوْلَاكُمْ ۖ وَبِئْسَ الْمَصِيرُ

ਸੋ ਅੱਜ ਨਾ ਤੁਹਾਥੋਂ ਅਤੇ ਨਾ ਹੀ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਕੁਫ਼ਰ ਕੀਤਾ ਸੀ ਕੋਈ ਛੁਡਵਾਈ ਕਬੂਲ ਕੀਤੀ ਜਾਵੇਗੀ। ਤੁਹਾਡਾ ਟਿਕਾਣਾ ਤਾਂ ਅੱਗ ਹੈ। ਤੁਹਾਡੇ ਯੋਗ ਤਾਂ ਇਹੀਓ ਟਿਕਾਣਾ ਹੈ ਅਤੇ ਇਹ ਬਹੁਤ ਹੀ ਭੈੜਾ ਪਰਤਨ ਟਿਕਾਣਾ ਹੈ।

أَلَمْ يَأْنِ لِلَّذِينَ آمَنُوا أَنْ تَخْشَعَ قُلُوبُهُمْ لِذِكْرِ اللَّهِ وَمَا نَزَلَ مِنَ الْحَقِّ وَلَا يَكُونُوا كَالَّذِينَ أُوتُوا الْكِتَابَ مِنْ قَبْلُ فَطَالَ عَلَيْهِمُ الْأَمَدُ فَقَسَتْ قُلُوبُهُمْ ۖ وَكَثِيرٌ مِنْهُمْ فَاسِقُونَ

ਕੀ ਈਮਾਨ ਵਾਲਿਆਂ ਲਈ ਅਜਿਹੇ ਉਹ ਸਮਾਂ ਨਹੀਂ ਆਇਆ ਕਿ ਉਹਨਾਂ ਦੇ ਦਿਲ ਅੱਲਾਹ ਦੀ ਯਾਦ ਨਾਲ ਝੁੱਕ ਜਾਣ ਅਤੇ (ਇਸ .ਕੁਰਆਨ ਦੇ ਲਈ) ਜੋ ਹੱਕ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ। ਉਹ ਉਹਨਾਂ ਲੋਕਾਂ ਵਾਂਗ ਨਾ ਹੋ ਜਾਣ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਕਿਤਾਬ (ਤੌਰੈਤ) ਦਿੱਤੀ ਗਈ ਸੀ। ਫੇਰ ਉਹਨਾਂ ’ਤੇ ਇਕ ਲੰਮਾ ਸਮਾਂ ਬੀਤ ਗਿਆ ਤਾਂ ਉਹਨਾਂ ਦੇ ਦਿਲ ਕਠੋਰ ਹੋ ਗਏ ਅਤੇ ਇਹਨਾਂ ਵਿੱਚੋਂ ਬਹੁਤੇ ਤਾਂ ਝੂਠੇ ਹਨ।

اعْلَمُوا أَنَّ اللَّهَ يُحْيِي الْأَرْضَ بَعْدَ مَوْتِهَا ۚ قَدْ بَيَّنَّا لَكُمُ الْآيَاتِ لَعَلَّكُمْ تَعْقِلُونَ

ਤੁਸੀਂ ਚੰਗੀ ਤਰ੍ਹਾਂ ਇਹ ਜਾਣ ਲਓ ਕਿ ਬੇਸ਼ੱਕ ਅੱਲਾਹ ਹੀ ਧਰਤੀ ਨੂੰ ਉਸ ਦੀ ਮੌਤ (ਬੰਜਰ) ਪਿੱਛੋਂ ਸੁਰਜੀਤ (ਉਪਜਾਊ) ਕਰਦਾ ਹੈ। ਸੋ ਅਸੀਂ ਆਪਣੀਆਂ ਆਇਤਾਂ (ਆਦੇਸ਼) ਤੁਹਾਡੇ ਲਈ ਬਿਆਨ ਕਰ ਦਿੱਤੇ ਹਨ ਤਾਂ ਜੋ ਤੁਸੀਂ ਕੁੱਝ ਸਮਝ ਸਕੋਂ।

إِنَّ الْمُصَّدِّقِينَ وَالْمُصَّدِّقَاتِ وَأَقْرَضُوا اللَّهَ قَرْضًا حَسَنًا يُضَاعَفُ لَهُمْ وَلَهُمْ أَجْرٌ كَرِيمٌ

ਬੇਸ਼ੱਕ ਸਦਕਾ (ਸੱਚੇ ਮਨੋ ਪੁੰਨ-ਦਾਣ) ਦੇਣ ਵਾਲੇ ਪੁਰਸ਼, ਇਸਤੀਆਂ ਅਤੇ ਜਿਨ੍ਹਾਂ ਨੇ ਅੱਲਾਹ ਨੂੰ ਕਰਜ਼ੇ-ਹਸਨਾ (ਸੋਹਣਾ ਕਰਜ਼ਾ) ਦਿੱਤਾ ਹੈ, ਨਿਰਸੰਦੇਹ, ਉਹਨਾਂ ­ਨੂੰ ਕਈ ਗੁਣਾ ਵਧਾ ਕੇ (ਵਾਪਿਸ ਕਰ) ਦਿੱਤਾ ਜਾਵੇਗਾ ਅਤੇ ਉਹਨਾਂ ਲਈ ਬਹੁਤ ਹੀ ਸੋਹਣਾ ਬਦਲਾ ਹੈ।

وَالَّذِينَ آمَنُوا بِاللَّهِ وَرُسُلِهِ أُولَٰئِكَ هُمُ الصِّدِّيقُونَ ۖ وَالشُّهَدَاءُ عِنْدَ رَبِّهِمْ لَهُمْ أَجْرُهُمْ وَنُورُهُمْ ۖ وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ الْجَحِيمِ

ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲਾਂ ’ਤੇ ਈਮਾਨ ਲਿਆਏ ਉਹੀਓ ਆਪਣੇ ਰੱਬ ਦੀਆਂ ਨਜ਼ਰਾਂ ਵਿਚ ਸਿੱਦੀਕ (ਸਚਿਆਰਾ) ਅਤੇ ਸ਼ਹੀਦ ਹਨ। ਉਹਨਾਂ ਲਈ ਉਹਨਾਂ ਦੇ ਅਮਲਾਂ ਦਾ ਸੋਹਣਾ ਬਦਲਾ ਹੋਵੇਗਾ ਅਤੇ (ਉਹਨਾਂ ਦੇ ਸੰਗ) ਉਹਨਾਂ ਦਾ ਨੂਰ ਹੋਵੇ। ਅਤੇ ਜਿਨ੍ਹਾਂ ਲੋਕਾਂ ਨੇ (ਸਾਡੇ ਹੁਕਮਾਂ ਦਾ) ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (.ਕੁਰਆਨ) ਨੂੰ ਝੁਠਲਾਇਆ ਹੈ, ਉਹ ਸਭ ਨਰਕੀ ਹਨ।

اعْلَمُوا أَنَّمَا الْحَيَاةُ الدُّنْيَا لَعِبٌ وَلَهْوٌ وَزِينَةٌ وَتَفَاخُرٌ بَيْنَكُمْ وَتَكَاثُرٌ فِي الْأَمْوَالِ وَالْأَوْلَادِ ۖ كَمَثَلِ غَيْثٍ أَعْجَبَ الْكُفَّارَ نَبَاتُهُ ثُمَّ يَهِيجُ فَتَرَاهُ مُصْفَرًّا ثُمَّ يَكُونُ حُطَامًا ۖ وَفِي الْآخِرَةِ عَذَابٌ شَدِيدٌ وَمَغْفِرَةٌ مِنَ اللَّهِ وَرِضْوَانٌ ۚ وَمَا الْحَيَاةُ الدُّنْيَا إِلَّا مَتَاعُ الْغُرُورِ

(ਹੇ ਲੋਕੋ!) ਤੁਸੀਂ ਇਹ ਗੱਲ ਜਾਣ ਲਓ! ਕਿ ਸੰਸਾਰਿਕ ਜੀਵਨ ਕੇਵਲ ਇਕ ਖੇਡ ਤਮਾਸ਼ਾ ਤੇ ਸਜਾਵਟ ਦੀ ਚੀਜ਼ ਹੈ। ਆਪੋ ਵਿਚ ਘਮੰਡ ਕਰਨਾ ਅਤੇ ਮਾਲ ਦੌਲਤ ਤੇ ਸੰਤਾਨ ਪੱਖੋਂ ਇਕ ਦੂਜੇ ਉੱਤੇ ਵਡਿਆਈ ਜਤਾਉਣਾ ਹੈ। (ਇਸ ਦੀ ਉਦਾਹਰਨ ਤਾਂ ਇੰਜ ਹੈ) ਜਿਵੇਂ ਵਰਖਾ, ਜਿਸ ਤੋਂ ਮਗਰੋਂ ਉਪਜਣ ਵਾਲੀ ਪੈਦਾਵਾਰ ਕਿਸਾਨਾਂ ਨੂੰ ਖ਼ੁਸ਼ ਕਰਦੀ ਹੈ। ਫੇਰ ਉਹ (ਪੈਦਾਵਾਰ) ਸੁੱਕ ਜਾਂਦੀ ਹੈ ਭਾਵ ਪੱਕ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਪੀਲੀ (ਮੁਰਝਾਈ) ਹੁੰਦੀ ਵੇਖਦੇ ਹੋ, ਫੇਰ ਉਹ ਚੂਰਾ-ਚੂਰਾ ਹੋ ਜਾਂਦੀ ਹੈ। ਐਵੇਂ ਹੀ ਆਖ਼ਿਰਤ ਵਿਚ (ਕਾਫ਼ਿਰਾਂ ਲਈ) ਕਰੜਾ ਅਜ਼ਾਬ ਹੈ ਅਤੇ (ਈਮਾਨ ਵਾਲਿਆਂ ਲਈ) ਅੱਲਾਹ ਵੱਲੋਂ ਬਖ਼ਸ਼ਿਸ਼ ਅਤੇ ਉਸ ਦੀ ਰਜ਼ਾਮੰਦੀ ਹੈ। ਸੰਸਾਰਿਕ ਜੀਵਨ ਤਾਂ ਧੋਖਾ ਦੇਣ ਦਾ ਇਕ ਸਾਧਨ ਹੈ।

سَابِقُوا إِلَىٰ مَغْفِرَةٍ مِنْ رَبِّكُمْ وَجَنَّةٍ عَرْضُهَا كَعَرْضِ السَّمَاءِ وَالْأَرْضِ أُعِدَّتْ لِلَّذِينَ آمَنُوا بِاللَّهِ وَرُسُلِهِ ۚ ذَٰلِكَ فَضْلُ اللَّهِ يُؤْتِيهِ مَنْ يَشَاءُ ۚ وَاللَّهُ ذُو الْفَضْلِ الْعَظِيمِ

ਸੋ (ਹੇ ਈਮਾਨ ਵਾਲਿਓ!) ਤੁਸੀਂ ਆਪਣੇ ਰੱਬ ਦੀ ਬਖ਼ਸ਼ਿਸ਼ ਤੇ ਉਸ ਜੰਨਤ ਵੱਲ ਦੌੜੋ ਜਿਸ ਦੀ ਵਿਸ਼ਾਲਤਾ ਅਕਾਸ਼ ਤੇ ਧਰਤੀ ਜਿਹੀ ਹੈ। ਇਹ ਉਹਨਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਹੜੇ ਅੱਲਾਹ ਤੇ ਉਸ ਦੇ ਰਸੂਲਾਂ ’ਤੇ ਈਮਾਨ ਲਿਆਏ ਹਨ। ਇਹ ਅੱਲਾਹ ਦਾ ਫ਼ਜ਼ਲ (ਕ੍ਰਿਪਾਲਤਾ) ਹੈ, ਉਹ ਜਿਸ ਨੂੰ ਚਾਹੁੰਦਾ ਹੈ ਦਿੰਦਾ ਹੈ, ਅੱਲਾਹ ਬਹੁਤ ਵੱਡਾ ਕ੍ਰਿਪਾਲੂ ਹੈ।

مَا أَصَابَ مِنْ مُصِيبَةٍ فِي الْأَرْضِ وَلَا فِي أَنْفُسِكُمْ إِلَّا فِي كِتَابٍ مِنْ قَبْلِ أَنْ نَبْرَأَهَا ۚ إِنَّ ذَٰلِكَ عَلَى اللَّهِ يَسِيرٌ

ਧਰਤੀ ’ਤੇ ਜਾਂ ਤੁਹਾਡੀਆਂ ਜਾਨਾਂ ਉੱਤੇ ਜਿਹੜੀ ਵੀ ਬਿਪਤਾ ਆਉਂਦੀ ਹੈ ਉਹ ਤਾਂ ਤੁਹਾਡੇ ਜਨਮ ਤੋਂ ਪਹਿਲਾਂ ਹੀ ਕਿਤਾਬ ਵਿਚ ਲਿਖੀ ਹੋਈ ਹੈ। ਇੰਜ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।

لِكَيْلَا تَأْسَوْا عَلَىٰ مَا فَاتَكُمْ وَلَا تَفْرَحُوا بِمَا آتَاكُمْ ۗ وَاللَّهُ لَا يُحِبُّ كُلَّ مُخْتَالٍ فَخُورٍ

ਇਹ ਸਭ ਇਸ ਲਈ ਦੱਸਿਆ ਜਾ ਰਿਹਾ ਹੈ ਤਾਂ ਜੋ ਜੇ ਕੋਈ ਚੀਜ਼ ਤੁਹਾਡੇ ਹੱਥੋਂ ਖੁਸ ਜਾਵੇ ਤਾਂ ਤੁਸੀਂ ਦੁਖੀ ਨਾ ਹੋਵੋ ਅਤੇ ਜੇ ਉਹ (ਅੱਲਾਹ) ਤੁਹਾਨੂੰ ਨਵਾਜ਼ਦਾ ਹੈ ਤਾਂ ਤੁਸੀਂ ਸ਼ੇਖ਼ੀਆਂ ਨਾ ਮਾਰਦੇ ਫਿਰੋ। ਅੱਲਾਹ ਕਿਸੇ ਵੀ ਸ਼ੇਖ਼ੀਖ਼ੋਰੇ ਅਤੇ ਘਮੰਡੀ ਨੂੰ ਪਸੰਦ ਨਹੀਂ ਕਰਦਾ।

الَّذِينَ يَبْخَلُونَ وَيَأْمُرُونَ النَّاسَ بِالْبُخْلِ ۗ وَمَنْ يَتَوَلَّ فَإِنَّ اللَّهَ هُوَ الْغَنِيُّ الْحَمِيدُ

(ਅਤੇ ਨਾ ਹੀ ਅੱਲਾਹ ਉਹਨਾਂ ਨੂੰ ਪਸੰਦ ਕਰਦਾ ਹੈ) ਜਿਹੜੇ ਆਪੇ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਪ੍ਰੇਰਿਤ ਕਰਦੇ ਹਨ। ਜਿਹੜਾ ਕੋਈ ਵਿਅਕਤੀ (ਅੱਲਾਹ ਦੇ ਹੁਕਮਾਂ ਤੋਂ) ਮੂੰਹ ਮੋੜਦਾ ਹੈ ਤਾਂ ਅੱਲਾਹ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ, ਉਹ ਤਾਂ ਆਪ ਹੀ ਅਤਿਅੰਤ ਸ਼ਲਾਘਾਯੋਗ ਹੈ।

لَقَدْ أَرْسَلْنَا رُسُلَنَا بِالْبَيِّنَاتِ وَأَنْزَلْنَا مَعَهُمُ الْكِتَابَ وَالْمِيزَانَ لِيَقُومَ النَّاسُ بِالْقِسْطِ ۖ وَأَنْزَلْنَا الْحَدِيدَ فِيهِ بَأْسٌ شَدِيدٌ وَمَنَافِعُ لِلنَّاسِ وَلِيَعْلَمَ اللَّهُ مَنْ يَنْصُرُهُ وَرُسُلَهُ بِالْغَيْبِ ۚ إِنَّ اللَّهَ قَوِيٌّ عَزِيزٌ

ਬੇਸ਼ੱਕ ਅਸਾਂ ਆਪਣੇ ਰਸੂਲਾਂ ਨੂੰ ਸਪਸ਼ਟ ਨਿਸ਼ਾਨੀਆਂ ਨਾਲ ਭੇਜਿਆ ਅਤੇ ਅਸੀਂ ਉਹਨਾਂ ਨਾਲ ਕਿਤਾਬ (ਰੱਬੀ ਬਾਣੀ) ਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਉਤਾਰੀ ਤਾਂ ਜੋ ਲੋਕ ਇਨਸਾਫ਼ ’ਤੇ ਕਾਇਮ ਰਹਿਣ। ਅਸੀਂ ਲੋਹਾ ਪੈਦਾ ਕੀਤਾ, ਇਸ ਵਿਚ ਬਹੁਤ ਸ਼ਕਤੀ ਹੈ ਅਤੇ ਲੋਕਾਂ ਲਈ ਅਨੇਕਾਂ ਲਾਭ ਹਨ। ਤਾਂ ਜੋ ਅੱਲਾਹ ਨੂੰ ਗਿਆਨ ਹੋ ਜਾਵੇ ਕਿ ਕੌਣ ਬਿਨ ਵੇਖਿਆਂ ਉਸ ਦੀ ਤੇ ਉਸ ਦੇ ਪੈਗ਼ੰਬਰਾਂ ਦੀ ਮਦਦ ਕਰਦਾ ਹੈ। ਬੇਸ਼ੱਕ ਅੱਲਾਹ ਅਤਿਅੰਤ ਸ਼ਕਤੀਸ਼ਾਲੀ ਅਤੇ ਜ਼ੋਰਾਵਰ ਹੈ।

وَلَقَدْ أَرْسَلْنَا نُوحًا وَإِبْرَاهِيمَ وَجَعَلْنَا فِي ذُرِّيَّتِهِمَا النُّبُوَّةَ وَالْكِتَابَ ۖ فَمِنْهُمْ مُهْتَدٍ ۖ وَكَثِيرٌ مِنْهُمْ فَاسِقُونَ

ਬੇਸ਼ੱਕ ਅਸੀਂ ਨੂਹ ਨੂੰ ਅਤੇ ਇਬਰਾਹੀਮ ਨੂੰ (ਰਸੂਲ ਬਣਾ ਕੇ) ਭੇਜਿਆ। ਅਸੀਂ ਉਹਨਾਂ ਦੋਹਾਂ ਦੀ ਸੰਤਾਨ ਵਿਚ ਪੈਗ਼ੰਬਰੀ ਅਤੇ (ਰੱਬੀ) ਕਿਤਾਬ ਰੱਖ ਦਿੱਤੀ, ਫੇਰ ਇਹਨਾਂ ਵਿੱਚੋਂ ਹੀ ਕੁੱਝ ਹਿਦਾਇਤ ਪ੍ਰਾਪਤ ਕਰਨ ਵਾਲੇ ਹਨ ਅਤੇ ਇਹਨਾਂ ਵਿੱਚੋਂ ਹੀ ਬਹੁਤੇ ਲੋਕ ਨਾ-ਫ਼ਰਮਾਨ ਹਨ।

ثُمَّ قَفَّيْنَا عَلَىٰ آثَارِهِمْ بِرُسُلِنَا وَقَفَّيْنَا بِعِيسَى ابْنِ مَرْيَمَ وَآتَيْنَاهُ الْإِنْجِيلَ وَجَعَلْنَا فِي قُلُوبِ الَّذِينَ اتَّبَعُوهُ رَأْفَةً وَرَحْمَةً وَرَهْبَانِيَّةً ابْتَدَعُوهَا مَا كَتَبْنَاهَا عَلَيْهِمْ إِلَّا ابْتِغَاءَ رِضْوَانِ اللَّهِ فَمَا رَعَوْهَا حَقَّ رِعَايَتِهَا ۖ فَآتَيْنَا الَّذِينَ آمَنُوا مِنْهُمْ أَجْرَهُمْ ۖ وَكَثِيرٌ مِنْهُمْ فَاسِقُونَ

ਫੇਰ ਅਸੀਂ ਇਹਨਾਂ ਦੇ ਪਿੱਛੇ ਲੜੀਵਾਰ ਰਸੂਲ ਭੇਜੇ ਅਤੇ ਇਹਨਾਂ ਸਭ ਦੇ ਪਿੱਛੇ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ। ਉਸ ਨੂੰ ਅਸੀਂ ਇੰਜੀਲ ਦਿੱਤੀ ਅਤੇ ਉਹਨਾਂ ਦੇ ਦਿਲਾਂ ਵਿਚ ਜਿਨ੍ਹਾਂ ਨੇ ਉਹਨਾਂ ਦੀ ਪੈਰਵੀ ਕੀਤੀ, ਨਰਮੀ ਤੇ ਮੁਹੱਬਤ ਰੱਖ ਦਿੱਤੀ। ਸੰਸਾਰ ਤਿਆਗ ਪ੍ਰਥਾ ਤਾਂ ਉਹਨਾਂ ਦੀ ਆਪਣੀ ਬਣਾਈ ਹੋਈ ਹੈ, ਅਸੀਂ ਉਹਨਾਂ ਲਈ ਇਹ ਫ਼ਰਜ਼ ਨਹੀਂ ਸੀ ਕੀਤਾ, ਪਰ ਅੱਲਾਹ ਦੀ ਰਜ਼ਾ ਦੀ ਤਲਾਸ਼ ਵਿਚ ਉਹਨਾਂ ਨੇ ਆਪ ਹੀ ਇਹ ਸਭ ਕੀਤਾ ਸੀ। ਉਹਨਾਂ ਨੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਜਿਵੇਂ ਕਿ ਰਖਣਾ ਚਾਹੀਦਾ ਸੀ। ਫੇਰ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਵਿੱਚੋਂ ਈਮਾਨ ਲਿਆਏ, ਉਹਨਾਂ ਦੇ (ਈਮਾਨ ਦਾ) ਬਦਲਾ ਦਿੱਤਾ ਅਤੇ ਇਹਨਾਂ ਵਿੱਚੋਂ ਵਧੇਰੇ ਲੋਕ ਤਾਂ ਝੂਠੇ ਹਨ।

يَا أَيُّهَا الَّذِينَ آمَنُوا اتَّقُوا اللَّهَ وَآمِنُوا بِرَسُولِهِ يُؤْتِكُمْ كِفْلَيْنِ مِنْ رَحْمَتِهِ وَيَجْعَلْ لَكُمْ نُورًا تَمْشُونَ بِهِ وَيَغْفِرْ لَكُمْ ۚ وَاللَّهُ غَفُورٌ رَحِيمٌ

ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਤੋਂ ਡਰੋ ਅਤੇ ਉਸ ਦੇ ਰਸੂਲਾਂ ਉੱਤੇ ਈਮਾਨ ਲਿਆਓ, ਅੱਲਾਹ ਤੁਹਾਨੂੰ ਆਪਣੀ ਮਿਹਰ ਦਾ ਦੁਹਰਾ ਹਿੱਸਾ ਬਖ਼ਸ਼ੇਗਾ ਅਤੇ ਤੁਹਾਡੇ ਲਈ ਅਜਿਹਾ ਨੂਰ ਬਣਾਵੇਗਾ ਜਿਸ ਦੀ ਰੌਸ਼ਨੀ ਵਿਚ ਤੁਸੀਂ ਚੱਲੋਂਗੇ ਅਤੇ ਉਹ ਤੁਹਾਨੂੰ ਬਖ਼ਸ਼ ਦੇਵੇਗਾ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ।

لِئَلَّا يَعْلَمَ أَهْلُ الْكِتَابِ أَلَّا يَقْدِرُونَ عَلَىٰ شَيْءٍ مِنْ فَضْلِ اللَّهِ ۙ وَأَنَّ الْفَضْلَ بِيَدِ اللَّهِ يُؤْتِيهِ مَنْ يَشَاءُ ۚ وَاللَّهُ ذُو الْفَضْلِ الْعَظِيمِ

ਤਾਂ ਜੋ ਕਿਤਾਬ ਵਾਲੇ (ਯਹੂਦੀ ਅਤੇ ਈਸਾਈ) ਇਹ ਜਾਣ ਲੈਣ ਕਿ ਉਹ ਅੱਲਾਹ ਦੀ ਕ੍ਰਿਪਾਲਤਾ ਨਾਲ ਕਿਸੇ ਸ਼ੈਅ ’ਤੇ ਕੁਦਰਤ ਨਹੀਂ ਰੱਖਦੇ। ਬੇਸ਼ੱਕ ਸਾਰੇ ਫ਼ਜ਼ਲ (ਕ੍ਰਿਪਾਲਤਾ ਤੇ ਬਖ਼ਸ਼ਿਸ਼ਾਂ) ਅੱਲਾਹ ਦੇ ਹੱਥ ਵਿਚ ਹੀ ਹਨ। ਉਹ ਜਿਸ ਨੂੰ ਚਾਹੁੰਦਾ ਹੈ (ਆਪਣੀ ਕ੍ਰਿਪਾ ਨਾਲ) ਦੇ ਦਿੰਦਾ ਹੈ ਅਤੇ ਅੱਲਾਹ ਅਤਿਅੰਤ ਕ੍ਰਿਪਾਲੂ ਹੈ।