سَبَّحَ لِلَّهِ مَا فِي السَّمَاوَاتِ وَمَا فِي الْأَرْضِ ۖ وَهُوَ الْعَزِيزُ الْحَكِيمُ
ਅੱਲਾਹ ਦੀ ਤਸਬੀਹ ਹਰ ਉਹ ਚੀਜ਼ ਕਰਦੀ ਹੈ ਜਿਹੜੀ ਅਕਾਸ਼ਾਂ ਤੇ ਧਰਤੀ ਵਿਚ ਹੈ। ਉਹ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।
بِسْمِ اللَّهِ الرَّحْمَٰنِ الرَّحِيمِ
ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
سَبَّحَ لِلَّهِ مَا فِي السَّمَاوَاتِ وَمَا فِي الْأَرْضِ ۖ وَهُوَ الْعَزِيزُ الْحَكِيمُ
ਅੱਲਾਹ ਦੀ ਤਸਬੀਹ ਹਰ ਉਹ ਚੀਜ਼ ਕਰਦੀ ਹੈ ਜਿਹੜੀ ਅਕਾਸ਼ਾਂ ਤੇ ਧਰਤੀ ਵਿਚ ਹੈ। ਉਹ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।
يَا أَيُّهَا الَّذِينَ آمَنُوا لِمَ تَقُولُونَ مَا لَا تَفْعَلُونَ
ਹੇ ਈਮਾਨ ਵਾਲਿਓ! ਤੁਸੀਂ ਉਹ ਗੱਲ ਕਿਉਂ ਆਖਦੇ ਹੋ ਜੋ ਤੁਸੀਂ ਕਰਦੇ ਨਹੀਂ ?
كَبُرَ مَقْتًا عِنْدَ اللَّهِ أَنْ تَقُولُوا مَا لَا تَفْعَلُونَ
ਅੱਲਾਹ ਦੀਆਂ ਨਜ਼ਰਾਂ ਵਿਚ ਇਹ ਨਾਰਾਜ਼ ਹੋਣ ਵਾਲੀ ਗੱਲ ਹੈ ਕਿ ਤੁਸੀਂ ਉਹ ਗੱਲ ਆਖੋ ਜਿਹੜੀ ਤੁਸੀਂ ਕਰਦੇ ਨਹੀਂ।
إِنَّ اللَّهَ يُحِبُّ الَّذِينَ يُقَاتِلُونَ فِي سَبِيلِهِ صَفًّا كَأَنَّهُمْ بُنْيَانٌ مَرْصُوصٌ
ਬੇਸ਼ੱਕ ਅੱਲਾਹ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਉਸ ਦੀ ਰਾਹ ਵਿਚ ਪੰਕਤੀਆਂ ਬੰਨ੍ਹ ਕੇ (ਭਾਵ ਇਕ ਜੁੱਟ ਹੋ ਕੇ) ਲੜਦੇ ਹਨ ਜਿਵੇਂ ਕਿ ਉਹ ਸਿੱਕੇ ਵਿੱਚ ਢਾਲੀ ਹੋਈ ਇਕ ਕੰਧ ਹੋਣ।
وَإِذْ قَالَ مُوسَىٰ لِقَوْمِهِ يَا قَوْمِ لِمَ تُؤْذُونَنِي وَقَدْ تَعْلَمُونَ أَنِّي رَسُولُ اللَّهِ إِلَيْكُمْ ۖ فَلَمَّا زَاغُوا أَزَاغَ اللَّهُ قُلُوبَهُمْ ۚ وَاللَّهُ لَا يَهْدِي الْقَوْمَ الْفَاسِقِينَ
ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਮੈਨੂੰ ਤਸੀਹੇ ਕਿਉਂ ਦਿੰਦੇ ਹੋ ? ਜਦੋਂ ਕਿ ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ ਮੈਂ ਤੁਹਾਡੇ ਵੱਲ ਭੇਜਿਆ ਹੋਇਆ ਅੱਲਾਹ ਦਾ ਰਸੂਲ ਹਾਂ। ਫੇਰ ਜਦੋਂ ਉਹਨਾਂ ਨੇ ਟੇਢਪੁਣਾ ਇਖ਼ਤਿਆਰ ਕਰ ਲਿਆ ਤਾਂ ਅੱਲਾਹ ਨੇ ਵੀ ਉਹਨਾਂ ਦੇ ਦਿਲ ਟੇਢੇ ਕਰ ਦਿੱਤੇ। ਅੱਲਾਹ ਨਾ-ਫ਼ਰਮਾਨ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।
وَإِذْ قَالَ عِيسَى ابْنُ مَرْيَمَ يَا بَنِي إِسْرَائِيلَ إِنِّي رَسُولُ اللَّهِ إِلَيْكُمْ مُصَدِّقًا لِمَا بَيْنَ يَدَيَّ مِنَ التَّوْرَاةِ وَمُبَشِّرًا بِرَسُولٍ يَأْتِي مِنْ بَعْدِي اسْمُهُ أَحْمَدُ ۖ فَلَمَّا جَاءَهُمْ بِالْبَيِّنَاتِ قَالُوا هَٰذَا سِحْرٌ مُبِينٌ
ਜਦੋਂ ਮਰੀਅਮ ਦੇ ਪੁੱਤਰ ਈਸਾ ਨੇ ਆਖਿਆ ਕਿ ਹੇ ਬਨੀ-ਇਸਰਾਈਲ! ਬੇਸ਼ੱਕ ਮੈਂ ਤੁਹਾਡੇ ਵੱਲ ਅੱਲਾਹ ਦਾ ਰਸੂਲ ਹਾਂ, ਉਸ ਕਿਤਾਬ ਦੀ ਪੁਸ਼ਟੀ ਕਰਨ ਵਾਲਾ ਹਾਂ ਜਿਹੜੀ ਮੈਥੋਂ ਪਹਿਲਾਂ (ਤੌਰੈਤ) ਨਾਜ਼ਿਲ ਹੋਈ ਹੈ। ਮੈਂ ਇਕ ਰਸੂਲ ਦੀ ਖ਼ੁਸ਼ਖ਼ਬਰੀ ਦੇਣ ਵਾਲਾ ਹਾਂ, ਉਹ ਮੈਥੋਂ ਬਾਅਦ ਆਵੇਗਾ ਤੇ ਉਸ ਦਾ ਨਾਂ ‘ਅਹਿਮਦ’ ਹੋਵੇਗਾ, ਫੇਰ ਜਦੋਂ ਉਹ ਰਸੂਲ (ਭਾਵ ਹਜ਼ਰਤ ਮੁਹੰਮਦ ਸ:) ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਤਾਂ ਉਹ ਲੋਕ ਆਖਣ ਲੱਗੇ, ਇਹ ਤਾਂ ਖੁੱਲ੍ਹਾ ਜਾਦੂ ਹੈ।
وَمَنْ أَظْلَمُ مِمَّنِ افْتَرَىٰ عَلَى اللَّهِ الْكَذِبَ وَهُوَ يُدْعَىٰ إِلَى الْإِسْلَامِ ۚ وَاللَّهُ لَا يَهْدِي الْقَوْمَ الظَّالِمِينَ
ਭਲਾ ਉਸ ਵਿਅਕਤੀ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਉੱਤੇ ਝੂਠ ਮੜ੍ਹੇ, ਹਾਲਾਂ ਕਿ ਉਸ ਨੂੰ ਅੱਲਾਹ ਵੱਲ ਸੱਦਿਆ ਜਾਂਦਾ ਹੈ ? ਅਤੇ ਅੱਲਾਹ ਜ਼ਾਲਮ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।
يُرِيدُونَ لِيُطْفِئُوا نُورَ اللَّهِ بِأَفْوَاهِهِمْ وَاللَّهُ مُتِمُّ نُورِهِ وَلَوْ كَرِهَ الْكَافِرُونَ
ਉਹ (ਇਨਕਾਰੀ) ਤਾਂ ਇਹੋ ਚਾਹੁੰਦੇ ਹਨ ਕਿ ਅੱਲਾਹ ਦੇ ਨੂਰ (ਇਸਲਾਮ) ਨੂੰ ਆਪਣੇ ਮੂੰਹ ਦੀਆਂ ਫੂਕਾਂ ਨਾਲ ਬੁਝਾ ਦੇਣ। ਜਦ ਕਿ ਅੱਲਾਹ ਆਪਣੇ ਨੂਰ ਨੂੰ ਪੂਰੀ ਤਰ੍ਹਾਂ ਫੈਲਾਉਣ ਵਾਲਾ ਹੈ ਭਾਵੇਂ ਕਾਫ਼ਿਰਾਂ ਨੂੰ ਕਿੰਨਾ ਹੀ ਨਾ-ਪਸੰਦ ਹੋਵੇ।
هُوَ الَّذِي أَرْسَلَ رَسُولَهُ بِالْهُدَىٰ وَدِينِ الْحَقِّ لِيُظْهِرَهُ عَلَى الدِّينِ كُلِّهِ وَلَوْ كَرِهَ الْمُشْرِكُونَ
ਉਹ (ਅੱਲਾਹ) ਹੈ, ਜਿਸ ਨੇ ਆਪਣੇ ਰਸੂਲ ਨੂੰ ਹਿਦਾਇਤ ਅਤੇ ਸੱਚਾ ਧਰਮ ਦੇ ਕੇ ਭੇਜਿਆ ਹੈ ਤਾਂ ਜੋ ਉਹ ਉਸ ਨੂੰ ਸਾਰੇ ਧਰਮਾਂ ਉੱਤੇ ਗ਼ਾਲਿਬ (ਭਾਰੂ) ਕਰ ਦੇਵੇ ਭਾਵੇਂ ਕਿ ਮੁਸ਼ਰਿਕ ਇਸ ਨੂੰ ਨਾ-ਪਸੰਦ ਹੀ ਕਿਉਂ ਨਾ ਕਰਨ।
يَا أَيُّهَا الَّذِينَ آمَنُوا هَلْ أَدُلُّكُمْ عَلَىٰ تِجَارَةٍ تُنْجِيكُمْ مِنْ عَذَابٍ أَلِيمٍ
ਹੇ ਈਮਾਨ ਵਾਲਿਓ! ਕੀ ਮੈਂ ਤੁਹਾਨੂੰ ਉਹ ਵਪਾਰ ਦੱਸਾਂ ਜੋ ਤੁਹਾਨੂੰ ਦੁਖਦਾਈ ਅਜ਼ਾਬ ਤੋਂ ਬਚਾ ਦੇਵੇ ?
تُؤْمِنُونَ بِاللَّهِ وَرَسُولِهِ وَتُجَاهِدُونَ فِي سَبِيلِ اللَّهِ بِأَمْوَالِكُمْ وَأَنْفُسِكُمْ ۚ ذَٰلِكُمْ خَيْرٌ لَكُمْ إِنْ كُنْتُمْ تَعْلَمُونَ
ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ) ਉੱਤੇ ਈਮਾਨ ਲਿਆਓ ਤੇ ਅੱਲਾਹ ਦੀ ਰਾਹ ਵਿਚ ਆਪਣੇ ਧੰਨ ਤੇ ਆਪਣੀਆਂ ਜਾਨਾਂ ਨਾਲ ਜਿਹਾਦ (ਸੰਘਰਸ਼) ਕਰੋ। ਇਹ ਤੁਹਾਡੇ ਲਈ ਬਹੁਤ ਹੀ ਚੰਗਾ ਹੈ, ਜੇ ਤੁਸੀਂ ਕੁੱਝ ਗਿਆਨ ਰੱਖਦੇ ਹੋ।
يَغْفِرْ لَكُمْ ذُنُوبَكُمْ وَيُدْخِلْكُمْ جَنَّاتٍ تَجْرِي مِنْ تَحْتِهَا الْأَنْهَارُ وَمَسَاكِنَ طَيِّبَةً فِي جَنَّاتِ عَدْنٍ ۚ ذَٰلِكَ الْفَوْزُ الْعَظِيمُ
ਉਹ (ਅੱਲਾਹ) ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਸਦੀਵੀ ਰਹਿਣ ਵਾਲੀਆਂ ਜੰਨਤਾਂ ਵਿਚ ਪਵਿੱਤਰ ਮਹਿਲ ਹਨ, ਇਹੋ ਵੱਡੀ ਸਫ਼ਲਤਾ ਹੈ।
وَأُخْرَىٰ تُحِبُّونَهَا ۖ نَصْرٌ مِنَ اللَّهِ وَفَتْحٌ قَرِيبٌ ۗ وَبَشِّرِ الْمُؤْمِنِينَ
ਅਤੇ ਇਕ ਹੋਰ ਨਿਅਮਤ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਹ ਅੱਲਾਹ ਦੀ ਮਦਦ ਅਤੇ ਨਿਕਟ ਵਿਚ ਹੋ ਜਾਣ ਵਾਲੀ ਫ਼ਤਿਹ ਹੈ, ਇਸ ਦੀ ਖ਼ੁਸ਼ਖ਼ਬਰੀ ਈਮਾਨ ਵਾਲਿਆਂ ਨੂੰ ਸੁਣਾ ਦਿਓ।
يَا أَيُّهَا الَّذِينَ آمَنُوا كُونُوا أَنْصَارَ اللَّهِ كَمَا قَالَ عِيسَى ابْنُ مَرْيَمَ لِلْحَوَارِيِّينَ مَنْ أَنْصَارِي إِلَى اللَّهِ ۖ قَالَ الْحَوَارِيُّونَ نَحْنُ أَنْصَارُ اللَّهِ ۖ فَآمَنَتْ طَائِفَةٌ مِنْ بَنِي إِسْرَائِيلَ وَكَفَرَتْ طَائِفَةٌ ۖ فَأَيَّدْنَا الَّذِينَ آمَنُوا عَلَىٰ عَدُوِّهِمْ فَأَصْبَحُوا ظَاهِرِينَ
ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੇ ਸਹਾਈ ਬਣ ਜਾਓ, ਜਿਵੇਂ ਮਰੀਅਮ ਦੇ ਪੁੱਤਰ ਈਸਾ ਨੇ ਆਪਣੇ ਹਵਾਰੀਆਂ ਨੂੰ ਆਖਿਆ ਸੀ ਕਿ ਅੱਲਾਹ ਦੀ ਰਾਹ ਵੱਲ (ਸੱਦਾ ਦੇਣ ਵਿਚ) ਮੇਰਾ ਸਹਾਈ ਕੌੌਣ ਹੈ? ਹਵਾਰੀਆਂ (ਸਾਥੀਆਂ) ਨੇ ਆਖਿਆ ਕਿ ਅਸੀਂ ਅੱਲਾਹ ਦੇ ਸਹਾਈ ਹਾਂ। ਬਨੀ-ਇਸਰਾਈਲ ਵਿੱਚੋਂ ਇਕ ਟੋਲੀ ਈਮਾਨ ਲਿਆਈ ਅਤੇ ਦੂਜੀ ਟੋਲੀ ਨੇ ਇਨਕਾਰ ਕਰ ਦਿੱਤਾ। ਅਸੀਂ ਈਮਾਨ ਲਿਆਉਣ ਵਾਲੇ ਲੋਕਾਂ ਨੂੰ ਉਹਨਾਂ ਦੇ ਵੈਰੀਆਂ ਵਿਰੁੱਧ ਤਾਕਤ ਬਖ਼ਸ਼ੀ ਤਾਂ ਉਹ ਭਾਰੂੁ ਹੋ ਗਏ।